ਬੁਰੇ ਅਤੇ ਝੂਠੇ
ਹਰਦੇਵ ਸਿੰਘ, ਜੰਮੂ
ਸਮਾਜ ਵਿਚ ਬੁਰਾਈਆਂ ਹਨ ਜਿਨ੍ਹਾਂ ਦੀਆਂ ਅਨੇਕ ਕਿਸਮਾਂ ਹਨ। ਅੱਖਾਂ ਨਾਲ ਪਰਾਏ ਤੇ ਨਜ਼ਰ, ਕੰਨਾਂ ਰਾਹੀਂ ਝੂਠ ਤੇ ਯਕੀਨ, ਜੀਭ ਰਾਹੀਂ ਝੂਠ ਬੋਲਣਾ ਆਦਿ। ਇਸ ਸੰਖੇਪ ਜਿਹੀ ਚਰਚਾ ਵਿਚ ਅਸੀਂ 'ਬੁਰੇ' ਅਤੇ 'ਝੂਠੇ' ਵਿਚਲਾ ਅੰਤਰ ਵਿਚਾਰਨ ਦਾ ਜਤਨ ਕਰਦੇ ਹਾਂ। ਬੁਰੇ ਯਾਨੀ ਜ਼ੁਲਮ, ਵਿਭਚਾਰ, ਅਪਰਾਧ ਜਾਂ ਚੋਰੀ ਆਦਿ ਕਰਨ ਵਾਲੇ! ਝੂਠੇ ਯਾਨੀ ਕਿ ਝੂਠ ਬੋਲਣ ਵਾਲੇ !
ਕਹਿੰਦੇ ਹਨ ਕਿ ਬੰਦੇ ਨੂੰ ਬੁਰਾ ਨਹੀਂ ਹੋਣਾ ਚਾਹੀਦਾ, ਪਰ ਉਸ ਤੋਂ ਵੀ ਵੱਧ ਇਹ ਕਿ ਬੰਦੇ ਨੂੰ ਝੂਠਾ ਨਹੀਂ ਹੋਣਾ ਚਾਹੀਦਾ। ਬੁਰਾ ਬੰਦਾ ਬੁਰਾਈ ਦਾ ਸ਼ਿਕਾਰ ਹੁੰਦਾ ਹੈ ਪਰ ਝੂਠਾ ? ਝੂਠਾ ਬੰਦਾ ਸਮਾਜ ਵਿਚ ਬੁਰਾਈ ਦਾ ਉਤਪਾਤ ਮਚਾਉਂਦੇ ਸ਼ਿਕਾਰ ਕਰਨ ਵਾਲਾ ਹੁੰਦਾ ਹੈ। ਉਹ ਬੰਦਿਆਂ ਨੂੰ ਬੁਰਾਈ ਦੀ ਰਾਹ ਤੇ ਤੋਰਨ ਵਾਲਾ ਹੁੰਦਾ ਹੈ। ਐਸੇ ਬੰਦਿਆਂ ਦੇ ਉਤਪਾਤ ਬਾਰੇ ਗੁਰੂ ਨਾਨਕ ਜੀ ਉੱਚਾਰਦੇ ਹਨ:-
ਜੇ ਸਉ ਵੇਰ ਕਮਾਈਐ ਕੂੜੇ ਕੂੜਾ ਜੋਰ॥ (ਪੰਨਾ ੧੭)
ਭਾਵ ਜੇ ਕਰ ਝੂਠ ਨੂੰ ਸੋ ਵਾਰ ਵੀ ਕਿਉਂ ਨਾ ਵਰਤਿਆ ਜਾਏ, ਝੂਠ ਆਪਣੇ ਅਸਰ ਅਤੇ ਅਂਜਾਮ ਤਕ ਝੂਠ ਹੀ ਰਹਿੰਦਾ ਹੈ।
ਅਤੇ :-
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥ (ਪੰਨਾ ੧੪੧)
ਭਾਵ ਝੂਠੀਆਂ ਗਲਾਂ ਨਾਲ ਕੇਵਲ ਝੂਠ ਹੀ ਪੱਲੇ ਪੇਂਦਾ ਹੈ।
ਹੁਣ ਝੂਠੇ ਵੀ ਕਈਂ ਪ੍ਰਕਾਰ ਦੇ ਹਨ। ਮਸਲਨ ਬੱਚੇ ਮਾਂ-ਬਾਪ ਨਾਲ ਜਾਂ ਮਾਂ-ਬਾਪ ਬੱਚਿਆਂ ਨਾਲ ਝੂਠ ਬੋਲਦੇ ਹਨ। ਦੋਸਤ ਇਕ ਦੂਜੇ ਨਾਲ ਜਾਂ ਦੁਕਾਨਦਾਰ ਖਰੀਦਦਾਰ ਨਾਲ ਝੂਠ ਬੋਲਦੇ ਹਨ। ਚੰਗੀ ਗਲ ਨਹੀਂ ਪਰ ਇਤਨੀ ਬੁਰੀ ਨਹੀਂ ਕਿਉਂਕਿ ਕੁੱਝ ਪੱਖੋਂ ‘ਝੂਠੇ’ ਬੁਰੇਆਂ ਨਾਲੋਂ ਜ਼ਿਆਦਾ ਹਾਨੀਕਾਰਕ ਹੁੰਦੇ ਹਨ। ਗੁਰੂ ਜੀ ਦੇ ਉਪਰੋਕਤ ਬਚਨ ਐਸੇ ਝੂਠੇਆਂ ਪ੍ਰਤੀ ਹੀ ਹਨ ਜੋ ਧਰਮ ਖ਼ੇਤਰ ਵਿਚ ਝੂਠ ਬੋਲਦੇ ਹਨ।
ਮਿਸਾਲ ਵਜੋਂ ਇਕੋ ਸਮੇਂ ਪੈਦਾ ਹੋਣ ਵਾਲੇ ਦੋ ਬੱਚਿਆਂ ਨੂੰ ਵਿਚਾਰਦੇ ਹਾਂ। ਦੋਨੋਂ ਬੱਚਿਆਂ ਵਿਚੋਂ, ਚਮੜੀ ਦੇ ਰੰਗ ਪੱਖੋ, ਇਕ ਗੋਰਾ ਅਤੇ ਇਕ ਕਾਲਾ ਹੋ ਸਕਦਾ ਹੈ, ਦੋਨੋਂ ਬੱਚਿਆਂ ਵਿਚੋਂ, ਕਦ ਪੱਖੋਂ, ਇਕ ਲੰਭਾ ਇਕ ਛੋਟਾ ਹੋ ਸਕਦਾ ਹੈ ਅਤੇ ਦੋਨੋਂ ਬੱਚਿਆਂ ਵਿਚੋਂ, ਵਜ਼ਨ ਪੱਖੋਂ, ਇਕ ਪਤਲਾ ਇਕ ਮੋਟਾ ਹੋ ਸਕਦਾ ਹੈ। ਪਰ ਜਿਸ ਵੇਲੇ ਕਿਸੇ ਨੇ ਇਹ ਝੂਠ ਬੋਲਿਆ ਕਿ ਦੋਵੇਂ ਬੱਚਿਆਂ ਵਿਚੋਂ, ਜਾਤ ਪੱਖੋਂ, ਇਕ ‘ਨੀਵਾਂ’ ਅਤੇ ਇਕ ‘ਉੱਚਾ’ ਹੈ ਤਾਂ ਇਸ ਝੂਠ ਨੇ ਕਥਿਤ ਨੀਵੇਆਂ ਨੂੰ ਹਜ਼ਾਰਾ ਸਾਲਾਂ ਦੇ ਸਮਾਜਕ ਅਤਿਆਚਾਰਕ ਸ਼ੋਸ਼ਣ ਵੱਲ ਧਕੇਲ ਦਿੱਤਾ। ਇਸ ਪੱਖੋਂ ‘ਝੂਠੇ’ ਬੁਰੇਆਂ ਨਾਲੋਂ ਵੱਧ ਬੁਰੇ ਸਾਬਤ ਹੋਏ।
ਤਾਂ
ਹੀ ਗੁਰੂ ਨਾਨਕ ਜੀ ਨੇ ਆਪਣੇ ਉਪਦੇਸ਼ ਦੇ ਆਰੰਭ ਵਿਚ ਹੀ ਮਨੁੱਖ ਨੂੰ ਸੱਚਿਆਰਾ ਹੇਣ ਦੀ ਨਸੀਅਤ ਦਿੱਤੀ ਅਤੇ ਹੋਰ ਉਪਦੇਸ਼ਾਂ ਵਿਚ ਝੂਠੇਆਂ ਨਾਲੋਂ ਵੱਧ ਤੋਂ ਵੱਧ ਅਸਹਿਮਤੀ ਜਤਾਈ। ਉਨ੍ਹਾਂ ਲਈ ਬੁਰੇ ਖੋਟੇ ਸਨ ਯਾਨੀ ਪਾਸ ਬਿਠਾ ਕੇ ਖਰਾ ਕਰਨ ਯੋਗ! ਮਸਲਨ:-
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥(ਪੰਨਾ ੧੪੩)
ਪਰ ਝੂਠੇ ? ਝੂਠੇ ਫਿਟਕਾਰਨ ਯੋਗ ਸਨ! ਗੁਰੂ ਵਲੋਂ ਨੱਖਿਦ ਬੰਦੇ! ਮਸਲਨ:-
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥(ਪੰਨਾ ੩੦੭)
ਧਰਮ ਦੇ ਖੇਤਰ ਵਿਚ ਕੋਈ ਲਿਖ ਕੇ ਝੂਠ ਬੋਲਦਾ ਹੈ ਤੇ ਕੋਈ ਭੇਖ ਰਾਹੀਂ ਝੂਠ ਬੋਲਦਾ ਹੈ। ਭੇਖ ਕਾਲਿਕ ਹੈ ਭੇਖੀ ਦੇ ਚਲੇ ਜਾਂਣ ਦੇ ਨਾਲ ਚਲਾ ਜਾਂਦਾ ਹੈ, ਪਰ ਭੇਖ ਨਾਲ ਰਲਾਅ ਕੇ ਲਿਖ ਪ੍ਰਚਾਰਿਆ ਝੂਠ ਜ਼ਿਆਦਾ ਨੁਕਸਾਨ ਕਰਦਾ ਹੈ।
ਇਹ ਵਚਿੱਤਰ ਗਲ ਹੀ ਹੈ ਕਿ ਉਪਰੋਕਤ ਕਿਸਮ ਦੇ 'ਝੂਠੇ' ਬੁਰੇਆਂ ਨੂੰ ਆਪਣੇ ਨਾਲੋਂ ਵੱਧ ਬੁਰਾ ਸਮਝਦੇ ਉਪਦੇਸ਼ਦੇ ਰਹਿੰਦੇ ਹਨ ਜਦ ਕਿ, ਇਸ ਪੱਖੋਂ, ਉਹ ਆਪ ਜ਼ਿਆਦਾ ਵੱਡੀ ਮਨਮਤਿ ਦੀ ਰਾਹ ਤੇ ਹਨ।
ਹਰਦੇਵ ਸਿੰਘ, ਜੰਮੂ- ੦੫.੦੮.੨੦੧੫
No comments:
Post a Comment