"ਪ੍ਰਿਥਮ ਭਗੌਤੀ ਸਿਮਰਿ ਕੇ" ਤੋਂ "ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ"
ਹਰਦੇਵ ਸਿੰਘ, ਜੰਮੂ
ਇਸ ਸੰਖੇਪ ਚਰਚਾ ਵਿਚ ਅਸੀਂ ਪੰਥਕ ਅਰਦਾਸ ਦੇ "ਪ੍ਰਿਥਮ ਭਗੌਤੀ ਸਿਮਰਿ ਕੇ" ਤੋਂ "ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ" ਤਕ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਪ੍ਰਿਥਮ ਭਗੌਤੀ ਸਿਮਰਿ ਕੇ" ਬਾਰੇ ਚੁੱਕੇ ਇਸ ਇਤਰਾਜ ਦਾ ਜਾਇਜ਼ਾ ਲੇਂਣ ਦਾ ਜਤਨ ਕਰਾਂਗੇ ਜਿਸਦੇ ਚਲਦੇ ਇਹ ਕਿਹਾ ਜਾਂਦਾ ਹੈ ਕਿ ਇਸ ਪੰਗਤੀ ਨਾਲ ਸਿੱਖ ਅਕਾਲ ਪੁਰਖ ਜਾਂ ਗੁਰੂ ਸਾਹਿਬ ਅੱਗੇ ਨਹੀਂ ਬਲਕਿ ਦੁਰਗਾ ਦੈਵੀ ਅੱਗੇ ਅਰਦਾਸ ਕਰਦੇ ਹਨ ਅਤੇ ਐਸਾ ਕਰਨ ਨਾਲ ਦੁਰਗਾ ਦੈਵੀ ਉਨ੍ਹਾਂ ਦੀ ਈਸ਼ਟ ਹੋ ਜਾਂਦੀ ਹੈ।
ਵਾਸਤਵ ਵਿਚ "ਪ੍ਰਿਥਮ ਭਗੌਤੀ ਸਿਮਰਿ ਕੇ" ਤੋਂ "ਤਿਨ੍ਹਾਂ
ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ" ਤਕ ਕੁੱਝ ਗਲਾਂ ਨੂੰ ਸਿਮਰ, ਯਾਦ ਜਾਂ ਧਿਆਨ ਵਿਚ ਰੱਖਣ ਦੀ ਪ੍ਰਸੰਗਕ ਨਿਰੰਤਰਾ ਨਾਲ 'ਵਾਹਿਗੁਰੂ' ਬੋਲਣ ਦੀ ਨਿਰੰਤਰਾ ਹੈ ਜੋ ਕਿ ਇਸ ਪ੍ਰਕਾਰ ਹੈ:-
(੧) ਭਗੌਤੀ (ਅਕਾਲ ਪੁਰਖੀ ਸ਼ਕਤੀ ਜਿਸਦਾ ਭਾਵ ਪ੍ਰਤੀਕ ਵਜੋਂ ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਕ੍ਰਿਪਾਨ ਵੀ ਹੈ) ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਨੂੰ ਸਿਮਰ, ਧਿਆਨ ਵਿਚ ਰੱਖਦੇ ਅਤੇ ਸਹਾਈ ਮੰਨਦੇ ਵਾਹਿਗੁਰੂ ਬੋਲਣਾ!
(੨) ਪੰਜ ਪਿਆਰਿਆ, ਚੋਹਾਂ ਸਹਿਬਜਾਦਿਆਂ, ਚਾਲੀ ਮੁਕਤਿਆਂ, ਨਾਮ ਜਪਣ ਵਾਲੇ ਹੱਠੀਆਂ ਜਪੀਆਂ ਤਪੀਆਂ, ਵੰਡ ਛਕਣ ਦੇਗ ਚਲਾਉਣ, ਤੇਗ ਵਾਹੁਣ, ਦੇਖ ਕੇ ਅਣਢਿੱਠ ਕਰਨ ਵਾਲੇ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਨੂੰ ਧਿਆਨ ਵਿਚ ਰੱਖ ਕੇ ਵਾਹਿਗੂਰੁ ਬੋਲਣਾ!
(੩) ਧਰਮ ਹੇਤ ਸੀਸ ਦੇਂਣ, ਬੰਦ ਬੰਦ ਕਟਾਉਣ, ਖੋਪਰਿਆਂ ਲੁਹਾਉਣ, ਚਰਖੀਆਂ ਤੇ ਚੜਨ, ਆਰਿਆ ਨਾਲ ਚਿਰਨ, ਗੁਰੂ ਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿੰਦੇ ਧਰਮ ਨਾ ਹਾਰਣ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇਆਂ ਦੀ ਅਜਿਹੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਣਾ!
ਹੁਣ ਜ਼ਰਾ ਕੁ ਧਿਆਨ ਦੇਣ ਨਾਲ ਪਤਾ ਚਲਦਾ ਹੈ ਕਿ ਜੇ ਕਰ ਭਗੌਤੀ ਨੂੰ ਈਸ਼ਟ ਮੰਨਿਆ ਜਾਏ ਤਾਂ ਭਗੋਤੀ ਤੋਂ ਲੇਕੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇਆਂ ਤਕ ਸਾਰੇ ਈਸ਼ਟ ਨਾ ਹੋ ਗਏ ? ਕੀ ਐਸਾ ਹੈ? ਕਦਾਚਿੱਤ ਨਹੀਂ! ਦਰਅਸਲ ਵਾਹਿਗੁਰੂ ਈਸ਼ਟ ਹੈ ਜਿਸ ਨੂੰ ਬਾਰ-ਬਾਰ ਬੋਲਣ ਲੱਗਿਆਂ ਸਿੱਖਾਂ ਨੇ 'ਅਕਾਲ ਪੁਰਖੀ ਸ਼ਕਤੀ' ਤੋਂ ਲੇ ਕੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਤਕ ਵਾਲੇ ਨੂੰ ਧਿਆਨ ਵਿਚ ਰੱਖਣਾ ਹੈ।ਜੇ ਕਰ ਪ੍ਰਿਥਮੇ ਅਕਾਲ ਪੁਰਖ ਸਿਮਰਦੇ (ਧਿਆਨ ਵਿਚ ਰੱਖਦੇ) ਇਸੇ ਨਿਰੰਤਰਤਾ ਵਿਚ ਅੱਗੇ ਤੁਰਦੇ ਹਾਂ ਤਾਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇ ਵੀ ਅਕਾਲ ਪੁਰਖ ਦੀ ਸ਼੍ਰੇਣੀ ਵਿਚ ਆ ਜਾਂਦੇ ਹਨ ਜਦ ਕਿ ਅਸੀਂ ਜਾਂਣਦੇ ਹਾਂ ਸਿੱਖਾਂ ਦਾ ਈਸ਼ਟ ਕੇਵਲ ਅਕਾਲ ਪੁਰਖ ਹੈ ਅਤੇ ਗੁਰੂ ਕੇਵਲ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ।ਸਮੁੱਚੀ ਅਰਦਾਸ ਵਿਚ ਬਾਰ-ਬਾਰ 'ਬੋਲੋ ਜੀ ਵਾਹਿਗੁਰੂ" ਸਾਡੇ ਇਸ਼ਟਭਾਵ ਨੂੰ ਸਪਸ਼ਟ ਕਰਦਾ ਹੈ ਅਤੇ ਅਸੀਂ ਕਈਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਉਸ ਅੱਗੇ ਅਰਦਾਸ ਕਰਦੇ ਹਾਂ।
ਹਰਦੇਵ ਸਿੰਘ, ਜੰਮੂ ੨੧-੧੨-੨੦੧੫
No comments:
Post a Comment