ਸਿੱਖੀ ਦਾ ਪ੍ਰਕਾਸ਼
ਹਰਦੇਵ ਸਿੰਘ,ਜੰਮੂ
ਕਹਿੰਦੇ ਹਨ ਮਨੁੱਖ ਵਲੋਂ ਕੀਤੇ ਜਾਣ ਵਾਲੇ ਸਭ ਤੋਂ ਖ਼ੂਬਸੂਰਤ ਅਨੂਭਵ ਰਹਿਸਮਈ ਹੁੰਦੇਂ ਹਨ। ਮਨੁੱਖੀ ਚੇਤਨ ਦਾ ਮੂਲ, ਸੱਚੀ ਕਲਾ ਅਤੇ ਵਿਗਿਆਨ ਦੇ ਪੋਸ਼ਣ ਦਾ ਸਥਲ ਹੈ। ਇਹ ਇਕ ਸੱਚ ਹੈ! ਜਿਸ ਮਨੁੱਖ ਲਈ ਇਸ ਤੱਥ ਵਿਚ ਕੋਈ ਵਿਸਮਾਦ ਜਾਂ ਕੋਈ ਚਮਤਕਾਰ ਨਹੀਂ, ਉਹ ਆਤਮਕ ਤੌਰ ਤੇ ਮ੍ਰਿਤ ਹੋਣ ਬਰਾਬਰ ਹੈ। ਮ੍ਰਿਤ ਤੋਂ ਭਾਵ ਉਸਦਾ ਚੇਤਨ ਇਸ ਪੱਖੋਂ ਬੁੱਝਿਆ ਹੋਇਆ ਹੈ। ਉਹ ਕੇਵਲ ਸਮਝ ਵਿਚ ਆਏ ਗਿਆਨ ਪੁਰ ਆਸ਼ਰਤ ਹੋ, ਜੜਵਤ ਠਹਿਰ ਗਿਆ ਹੈ। ਪਰਮਾਤਮਾ ਵਲੋਂ ਮਨੁੱਖ ਨੂੰ ਇਤਨੀ ਕੁ ਬੁੱਧੀ ਨਾਲ ਨਿਵਾਜਿਆ ਗਿਆ ਹੈ, ਕਿ ਉਹ ਸਾਫ ਤੌਰ ਤੇ ਇਹ ਸਮਝ ਸਕੇ, ਕਿ ਹੋਂਦ ਨਾਲ ਆਪਣੇ ਸੰਘਰਸ਼ (ਜੀਵਨ) ਸਮੇਂ, ਉਸ ਦੀ ਬੁੱਧੀ ਕਿਤਨੀ ਕੁ ਸਮਰਥ ਅਤੇ ਕਿਤਨੀ ਕੁ ਅਸਮਰਥ ਹੈ। ਜੋ ਇਸ ਨਿਵਾਜਸ਼ ਦੀ ਵਰਤੋਂ ਨਹੀਂ ਕਰਦਾ ਉਸ ਅੰਦਰ ਪਰਮਾਤਮਾ, ਜੀਵਨ ਅਤੇ ਉਸਦੇ ਅੰਤ ਬਾਰੇ ਸੋਝੀ ਦੀ ਸੰਭਾਵਨਾ ਨਹੀਂ ਹੋ ਸਕਦੀ।
ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੪੧)
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੪੧)
ਇਸ ਲਈ ਗੁਰੂ ਪਾਤਿਸ਼ਾਹ ਅਨੁਸਾਰ ਮਨ ਨੂੰ ਆਪਣੇ ਮੂਲ ਬਾਰੇ ਸੀਮਤ ਗਿਆਨ ਨਹੀਂ, ਬਲਕਿ ‘ਸਿੱਖੀ ਦੇ ਪ੍ਰਕਾਸ਼’ ਅੰਦਰ ਕਲਪਣ ਦੀ ਲੋੜ ਹੈ। ਸੀਮਤ ਗਿਆਨ, ਵਿਗਿਆਨ ਦੀ ਵਰਤੋਂ ਨਾਲ, ਸਿੱਖੀ ਦੇ ਪ੍ਰਕਾਸ਼ ਨੂੰ ਨਹੀਂ ਮਾਪ ਸਕਦਾ ਜਿਵੇਂ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਗਿਆਨ ਦਾ ਕੋਈ ਵਸੀਲਾ ਸਵੀਟਜ਼ਰਲੈਂਡ ਨੂੰ ਉਦੋਂ ਤਕ ਸੁੰਦਰ ਨਹੀਂ ਬਣਾ ਸਕਦਾ ਜਿਦੋਂ ਤਕ ਸਾਡੀ ਮਨ ਕਲਪਨਾ ਉਸ ਥਾਂ ਨੂੰ ਸੁੰਦਰ ਸਵੀਕਾਰ ਨਾ ਕਰੇ। ਵਿਗਿਆਨ ਦਾ ਕੋਈ ਵਸੀਲਾ ਗੁਲਾਬ ਨੂੰ ਸੁੰਦਰ ਅਤੇ ਖ਼ਸ਼ਬੂਦਾਰ ਨਹੀਂ ਬਣਾ ਸਕਦਾ, ਜਦ ਤਕ ਕਿ ਮਨੁੱਖੀ ਕਲਪਨਾ ਗੁਲਾਬ ਨੂੰ ਸੁੰਦਰ ਅਤੇ ਖ਼ਸ਼ਬੂਦਾਰ ਕਰਕੇ ਅਨੁਭਵ ਨਾ ਕਰੇ। ਵਰਨਾ ਕਿਸੇ ਜਾਨਵਰ ਦੀ ਨਿਗਾਹ ਅਤੇ ਅਨੁਭਵ ਵਿਚ ਗੁਲਾਬ ਦੀ ਸੁੰਦਰਤਾ ਅਤੇ ਉਸਦੀ ਖ਼ਸ਼ਬੂ ਕੈਸੀ ?
ਵਿਗਿਆਨਕ ਦ੍ਰਿਸ਼ਟੀਕੋਣ ਇਹ ਦਰਸਾਉਂਦਾ ਹੈ ਕਿ ੧੦੦ ਵਿਚੋਂ ੧੦੦ ਬੰਦੇ ਗੁਲਾਬ ਨੂੰ ਖ਼ੂਬਸੂਰਤ ਅਤੇ ਸੁਗੰਧਤ ਸਵੀਕਾਰਦੇ ਹਨ, ਇਸ ਲਈ ਗੁਲਾਬ ਦੀ ਸੁੰਦਰਤਾ ਅਤੇ ਉਸਦੀ ਸੁਗੰਧ ਇਕ ਸੱਚ ਹੈ। ਪਰੰਤੂ ਗੁਲਾਬ ਦੀ ਹੋਂਦ ਪ੍ਰਤੀ ਕਿਸੇ ਕੁੱਤੇ, ਘੌੜੇ ਜਾਂ ਬਿੱਲੀ ਦਾ ਅਹਿਸਾਸ ਜਾਂ ਨਜ਼ਰੀਆ ਵੀ ਤਾਂ ਇਕ ਅਜਿਹਾ ਸੱਚ ਹੈ ਜਿਸਨੂੰ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਮਝਣਾ ਸੰਭਵ ਨਹੀਂ। ਗੁਰਬਾਣੀ ਸ਼ਬਦ, ਰਾਗਾਂ ਦੀ ਤਾਨ, ਧੁਨਿਆਂ ਅਤੇ ਕੁਦਰਤੀ ਨਜ਼ਾਰੇਆਂ ਪ੍ਰਤੀ ਮਨੁੱਖੀ ਆਕਰਸ਼ਣ ਦੀ ਉੱਤਪਤੀ ਦੇ ਮੂਲ ਵਿਚ, ਵਿਗਿਆਨ ਦਾ ਕੋਈ ਯੋਗਦਾਨ ਨਹੀਂ। ਵਿਗਿਆਨ ਆਪ ਰਹਿਸ, ਕਲਪਨਾ ਅਤੇ ਅਨੁਭਵ ਦੀ ਦੇਣ ਹੈ, ਲੇਕਿਨ ਸੰਕੀਰਣ ਅਤੇ ਝੱਗੜਾਲੂ ਵ੍ਰਿਤੀ ਵਿਸਮਾਦਾਂ ਬਾਰੇ ਕਲਪਨਾ ਅਤੇ ਅਨੁਭਵ ਕਰਨ ਨੂੰ ਤਿਆਰ ਨਹੀਂ।
ਕਹਿੰਦੇ ਹਨ ਕਿ ਸਿੱਖ ਮਤ ਇਕ ਨਿਆਰਾ ਮਤ ਹੈ। ਇਸ ਵਿਚ ਰੱਤਾ ਵੀ ਸ਼ੱਕ ਨਹੀਂ। ਵਿਚਾਰ ਤਾਂ ਇਸ ਗਲ ਦੀ ਹੈ ਕਿ, ਕੀ ਨਿਆਰੇ ਦਾ ਹੋਣ ਦਾ ਅਰਥ ਹਰ ਸੂਰਤ ਵੱਖਰਾ ਹੋਣਾ ਹੈ ? ਜੇ ਕਰ ਹੈ ਤਾਂ ਕਿਸ ਤੋਂ ਵੱਖਰਾ ਹੋਣਾ ? ਇਸ ਪ੍ਰਸ਼ਨ ਨੂੰ ਵਿਗਿਆਨ ਨੇ ਨਹੀਂ ਸੁਲਝਾਉਣਾ। ਇੱਥੇ ਉਸ ਕਲਪਨਾ ਦੀ ਲੋੜ ਹੈ ਜਿਸ ਨੂੰ ਪਰਮਾਤਮਾ ਨੇ ਹਰ ਮਨੁੱਖ ਦੇ ਚੇਤਨ ਅੰਦਰ ਟਿਕਾਇਆ ਹੋਇਆ ਹੈ।
ਸੰਸਾਰ ਵਿਚ ਕਈਂ ਪ੍ਰਕਾਰ ਦੇ ਬੂਟੇ ਹਨ, ਜਿਵੇਂ ਕਿ ਅਨਾਰ ਦਾ ਬੂਟਾ। ਅਨਾਰ, ਅੰਬ ਜਾ ਸੇਬ ਆਦਿ ਦੇ ਬੂਟੇਆਂ ਨਾਲੋਂ ਨਿਆਰਾ ਤਾਂ ਹੈ, ਪਰ ਵੱਖਰਾ ਨਹੀਂ! ਨਿਆਰਾ ਇਸ ਲਈ ਕਿਉਂਕਿ ਉਹ ਅਨਾਰ ਹੈ, ਅੰਬ ਨਹੀਂ। ਵੱਖਰਾ ਇਸ ਲਈ ਨਹੀਂ ਕਿਉਂਕਿ ਉਹ ਉਸੇ ਧਰਤੀ ਅਤੇ ਵਾਤਾਵਰਣ ਵਿਚ ਉੱਤਪਤ ਹੈ, ਜਿਸ ਵਿਚ ਬਾਕੀ ਦੇ ਬੂਟੇ। ਅਨਾਰ ਇਹ ਨਹੀ ਕਹਿ ਸਕਦਾ ਕਿ ਉਸਦਾ ਸਭ ਕੁੱਝ ਵੱਖਰਾ ਹੈ। ਉਹ ਇਹ ਵੀ ਨਹੀਂ ਕਹਿ ਸਕਦਾ ਕਿ ਕੇਵਲ ਉਹ ਹੀ ਸੁਆਦਲਾ ਹੈ ਅਤੇ ਬਾਕਿਆਂ ਵਿਚ ਕੋਈ ਸੁਆਦਲੀ ਸ਼ੈਅ ਹੈ ਹੀ ਨਹੀਂ। ਉਹ ਇਹ ਨਹੀਂ ਕਹਿ ਸਕਦਾ ਕਿ ਜਿਸ ਆਬੋ-ਹਵਾ ਅਤੇ ਰੋਸਨੀ ਤੋਂ ਅੰਬ ਉਪਜਿਆ ਹੈ, ਉਸ ਨਾਲ ਉਸਦਾ ਕਦੇ ਕੋਈ ਵਾਸਤਾ ਨਾ ਸੀ, ਨਾ ਹੈ। ਹਾਂ ਉਹ ਕੁੱਝ ਹੱਦ ਤਕ ਐਸਾ ਕਹਿ ਸਕਦਾ ਸੀ, ਜੇ ਕਰ ਉਹ ਧਰਤੀ ਦੇ ਬਜਾਏ ਮੰਗਲ ਗ੍ਰਹਿ ਤੇ ਉੱਤਪਤ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ:-
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥(ਪੰਨਾ ੧੦)
ਜੇ ਕਰ ਧਰਤੀ ਮਾਂ ਹੈ ਤਾਂ ਉਸਦੀ ਗੋਦ ਵਿਚ ਉੱਤਪਤ ਹਰ ਸ਼ੈਅ ਵਿਚਕਾਰ ਰਿਸ਼ਤੇਦਾਰੀ ਹੈ। ਗਲ ਤਾਂ ਉਸਦੇ ਦੇ ਸਦੁਪਿਯੋਗ ਜਾਂ ਦੁਰਪਿਯੋਗ ਦੀ ਹੈ।
ਸਿੱਖੀ ਦੇ ਪ੍ਰਕਾਸ਼ ਦੀ ਉੱਤਪਤੀ ਵਿਚ ਉਸੀ ਸਮਾਜਕ ਆਬੋ-ਹਵਾ ਦੀ ਵਰਤੋਂ ਹੈ ਜਿਸ ਤੋਂ ਹੋਰ ਕਈਂ ਮਤ ਪ੍ਰਗਟ ਹੋਏ ਸਨ।ਕੋਈ ਸੂਝਵਾਨ ਵਿਯੱਕਤੀ ਇਹ ਨਹੀਂ ਕਹਿ ਸਕਦਾ, ਕਿ ਸਿੱਖੀ ਆਪਣੇ ਪ੍ਰਕਾਸ਼ ਦੇ ਸਮੇਂ, ਆਪਣੇ ਵਾਤਾਵਰਣ ਨਾਲ ਸਬੰਧਤ ਨਹੀਂ ਸੀ। ਕੋਈ ਇਹ ਨਹੀਂ ਕਹਿ ਸਕਦਾ ਕਿ ਸਿੱਖੀ ਚੁੰਕਿ ਇਸ ਧਰਤੀ ਤੇ ਨਹੀਂ ਬਲਕਿ ਮੰਗਲ ਗ੍ਰਹਿ ਦੇ ਪ੍ਰਕਾਸ਼ਤ ਹੋਈ, ਇਸ ਲਈ ਉਹ ਹਰ ਪੱਖੋਂ, ਹਰ ਸ਼ੈਅ, ਹਰ ਸਮਾਜ, ਹਰ ਵਿਚਾਰ, ਨਾਲੋਂ ਵੱਖਰੀ ਹੈ। ਧਿਆਨ ਰਹੇ ਕਿ ਨਿਆਰੇਪਨ ਦਾ ਦ੍ਰਿਸ਼ਟੀਕੋਣ ਸੁੰਦਰ ਹੈ ਜਦਕਿ ਖੁਸ਼ਕ ਵੱਖਰੇਵੇਂ ਵਿਚ ਕਰੂਪਤਾ ਦ੍ਰਿਸ਼ਟਮਾਣ ਹੁੰਦੀ ਹੈ। ਜੇ ਕਰ ਕਾਲ (ਸਮੇਂ) ਵਿਚ ਨਿਰੰਤਰਤਾ ਹੈ ਤਾਂ ਇਸ ਨਿਰੰਤਰਤਾ ਵਿਚਲੇ ਘਟਨਾ ਕ੍ਰਮ ਇਕ ਦੂਜੇ ਨਾਲ ਡੁੰਗੇ ਤੌਰ ਤੇ ਸਬੰਧਤ ਹਨ। ਜੋ ਮਾਨਸਿਕਤਾ ਐਸਾ ਨਹੀਂ ਸੀ ਸਮਝ ਸਕਦੀ, ਉਹ ਗੁਰੂ ਨਾਨਕ ਜੀ ਅਨੁਸਾਰ, ਅੰਨੀ ਜਾਂ ਕਾਂਣੀ ਸੀ।
ਇਕ ਛੋਟੀ ਜਿਹੀ ਮਿਸਾਲ ਵਿਚਾਰਦੇ ਹਾਂ। ਸਿੱਖੀ ਦੇ ਪ੍ਰਕਾਸ਼ ਦੁਆਰਾ ਅਨੁਭਵ ਹੁੰਦਾ ਪਰਮਾਤਮਾ 'ਇਕ' ਹੈ ਅਤੇ ਇਸਲਾਮ ਦੇ ਪ੍ਰਗਟ ਹੋਣ ਤੋਂ ਸਦਿਆਂ ਪਹਿਲਾਂ ਯਹੂਦੀ ਵਿਚਾਰਧਾਰਾ ਵਿਚ ਵੀ ਪਰਮਾਤਮਾ 'ਇਕ' ਹੈ। ਯਹੂਦੀ ਦਰਸ਼ਨ ਵਿਚ ਪਰਮਾਤਮਾ ਨੂੰ 'ਦਵੈਤ' ਜਾਂ 'ਤ੍ਰਿਮੂਰਤ' ਦੇ ਰੂਪ ਵਿਚ ਦਰਸਾਉਣਾ ਅਧਰਮ ਮੰਨਿਆ ਗਿਆ। ਇਸ ਉਪਰੰਤ ਇਸਲਾਮ ਅੰਦਰ ਵੀ ਪਰਮਾਤਮਾ ਨੂੰ 'ਇਕ' ਕਿਹਾ ਗਿਆ। ਇਨ੍ਹਾਂ ਦੋਹਾਂ ਵਿਚਾਰਧਾਰਾਵਾਂ ਦੇ ਸਦੀਆਂ ਬਾਦ ਗੁਰੂ ਨਾਨਕ ਜੀ ਨੇ ਵੀ ਸਿੱਖੀ ਦੇ ਪ੍ਰਕਾਸ਼ ਦੁਆਰਾ ਪਰਮਾਤਮਾ ਨੂੰ 'ਇਕ' ਕਰਕੇ ਦਰਸਾਇਆ। ਕੀ ਇਹ ਸਾਂਝ ਨਕਲ ਹੈ ? ਕਦਾਚਿੱਤ ਨਹੀਂ! ਇਹ ਤਾਂ ਉਸ ਸੱਚ ਦੀ ਗਲ ਹੈ ਜੋ ਕਿ ਤਿੰਨਾਂ ਦ੍ਰਿਸ਼ਟੀਕੋਣਾਂ ਵਿਚ ਇਕੋ ਜਿਹਾ ਹੈ, ਅਤੇ ਜਿਸਦੀ ਵਿਚਾਰ, ਆਪਣੇ ਵਿਸਤਾਰ (ਸਿੱਖੀ ਦੇ ਪ੍ਰਕਾਸ਼) ਵਿਚ, ਨਿਆਰਾ ਸ਼ਿਖਰ ਪ੍ਰਾਪਤ ਕਰਦੀ ਹੈ।
ਯਹੂਦੀਆਂ ਵਿਚ ਪਰਮਾਤਮਾ ਲਈ 'ਜਿਹੋਵਾ' ਜਾਂ 'ਯਾਵਹ' ਦੇ ਨਾਮ ਵਰਤੇ ਜਾਂਦੇ ਹਨ। ਪਰ ਪਰੰਪਰਾਗਤ ਤੌਰ ਤੇ ਉਹ ਪਰਮਾਤਮਾ ਨੂੰ 'ਹਾਸ਼ਮ' ਕਰਕੇ ਉੱਚਾਰਦੇ ਹਨ ਜਿਸ ਦਾ ਅਰਥ ਹੈ 'ਨਾਮ'। ਗੁਰਬਾਣੀ ਵਿਚ ਵੀ ਗੁਰੂ ਨਾਨਕ ਜੀ ਨੇ ਕਈਂ ਥਾਂ ਪਰਮਾਤਮਾ ਨੂੰ 'ਨਾਮ' ਕਰਕੇ ਸੰਬੋਧਤ ਕੀਤਾ ਹੈ। ਕੀ ਇਹ ਸਾਂਝ ਯਹੂਦੀਆਂ ਦੀ ਨਕਲ ਹੈ ? ਕਦਾਚਿੱਤ ਨਹੀਂ! ਇਹ ਤਾਂ ਇਕ ਸੱਚ ਬਾਰੇ ਸੱਚੇ ਅਨੁਭਵ ਦੀ ਉਹ ਸਮਝ ਹੈ, ਜੋ ਸਿੱਖੀ ਦੇ ਪ੍ਰਕਾਸ਼ ਵਿਚ, ਆਪਣੇ ਨਿਆਰੇ ਵਿਸਤਾਰ ਤਕ ਜਾ ਪੁੱਜਦੀ ਹੈ। ਭਾਵ ਨਿਆਰਾ ਹੋਣ ਵਿਚ ਮਨੁੱਖੀ ਸਾਂਝ ਟੁੱਟਦੀ ਨਹੀਂ ਬਲਕਿ ਸੱਚੇ ਅਨੁਭਵਾਂ ਨੂੰ ਆਪਣੇ ਅੰਦਰ ਸਵੀਕਾਰਦੇ-ਸਮੇਟਦੇ ਇਕ ਨਿਆਰੇ ਸ਼ਿਖਰ ਨੂੰ ਪ੍ਰਾਪਤ ਕਰਦੀ ਹੈ। ਸਿੱਖੀ ਦੇ ਪ੍ਰਕਾਸ਼ ਵਿਚ ਇਹ ਗਲ ਸਾਫ਼ ਨਜ਼ਰ ਆਉਂਦੀ ਹੈ, ਕਿ ਖੂਸ਼ਕ ਵੱਖਰੇਵੇਂਆਂ ਵਿਚ ਨਫ਼ਰਤ ਪ੍ਰਾਪਤ ਹੁੰਦੀ ਹੈ ਧਰਮ ਨਹੀਂ! ਇਸ ਲਈ ਸਿੱਖੀ ਦੇ ਨਿਆਰੇ ਪ੍ਰਕਾਸ਼ ਬਾਰੇ ਆਪਣੇ ਸੀਮਤ ਅਤੇ ਅਧੂਰੇ ਗਿਆਨ ਨੂੰ ਪੁਰਾ ਸਮਝਣ ਵਿਚ ਸਮਝਦਾਰੀ ਨਹੀਂ।
ਹਰਦੇਵ ਸਿੰਘ,ਜੰਮੂ-੧੩.੦੪.੨੦੧੬
No comments:
Post a Comment