'ਦਰਬਾਰ ਸਾਹਿਬ ਜਾਂ ਹਰਿਮੰਦਰ' ? (ਭਾਗ-੨)
ਹਰਦੇਵ ਸਿੰਘ, ਜੰਮੂ
ਇਸ ਲੇਖ ਦੇ ਪਹਿਲੇ ਭਾਗ ਵਿਚ ਅਸੀਂ ਵਿਚਾਰ ਆਏ ਹਾਂ ਕਿ 'ਦਰਬਾਰ ਸਾਹਿਬ' ਲਈ 'ਹਰਿਮੰਦਰ ਸਾਹਿਬ' ਦਾ ਲਕਬ ਵੀ ੧੯੪੭ ਦੇ ਬਾਦ ਨਹੀਂ ਬਲਕਿ ਪੁਰਾਤਨ ਸਮੇਂ ਤੋਂ ਹੀ ਪ੍ਰਚਲਤ ਸੀ, ਇਸ ਲਈ ਸਮਕਾਲੀ ਸਰੋਤਾਂ ਵਿਚ ਹਰਿਮੰਦਰ ਸਾਹਿਬ ਲਿਖਿਆ ਜਾਂਦਾ ਰਿਹਾ ਸੀ।ਪਹਿਲੇ ਭਾਗ ਵਿਚ ਅਸੀਂ ਕੁੱਝ ਐਸੇ ਇਤਹਾਸਕ ਸਰੋਤ ਵਿਚਾਰੇ ਸੀ, ਜਿਸ ਤੋਂ ਦਰਬਾਰ ਸਾਹਿਬ ਲਈ, ਨਾਲ ਦੇ ਨਾਲ, ਹਰਮੰਦਰ ਸਾਹਿਬ ਜੀ ਦੇ ਲਕਬ ਦਾ ਭਰਪੂਰ ਪ੍ਰਚਲਨ ਸਪਸ਼ਟ ਰੂਪ ਵਿਚ ਹੋਂਣਾ ਸਿੱਧ ਹੁੰਦਾ ਹੈ।
ਇਸ ਸਬੰਧ ਵਿਚ ੧੯੪੭ ਤੋਂ ਪਹਿਲਾਂ ਭਾਈ ਕਾਹਨ ਸਿੰਘ ਜੀ ਨਾਭਾ ਵਲੋਂ ਲਿਖੇ ਗਏ ਮਹਾਨ ਕੋਸ਼ ਦਾ ਜ਼ਿਕਰ ਧਿਆਨ ਵਿਚ ਰੱਖਣ ਦੀ ਲੋੜ ਹੈ। ਮਹਾਨ ਕੋਸ਼ ਦੇ ਲੇਖਨ ਦਾ ਕਾਰਜ ਸੰਨ ੧੯੪੭ ਤੋਂ ੩੫ ਕੁ ਸਾਲ ਪਹਿਲਾਂ, ਸੰਨ ੧੯੦੦ ਦੇ ਆਰੰਭਕ ਸਾਲਾਂ ਵਿਚ ਹੋਇਆ ਸੀ।
ਮਹਾਨ ਕੋਸ਼ ਵਿਚ 'ਦਰਬਾਰ' ਸ਼ਬਦ ਦੇ ਅਰਥ ਇਸ ਪ੍ਰਕਾਰ ਵੀ ਲਿਖੇ ਹੋਏ ਹਨ:-
ਦਰਬਾਰ:- (੪) ਸ਼੍ਰੀ ਗੁਰੂ ਗ੍ਰੰਥ ਸਾਹਿਬ। (੫) ਹਰਿਮੰਦਿਰ
ਇਸਦੇ ਨਾਲ ਹੀ ਹਰਿਮੰਦਿਰ ਸ਼ਬਦ ਦੀ ਐਂਟਰੀ ਵਿਚ ਲਿਖਿਆ ਹੈ:-
ਹਰਿਮੰਦਿਰ:-",,,, ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. " ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ"(ਸੂਹੀ ਛੰਤ ਮ:੫)
ਮਹਾਨ ਕੋਸ਼ ਵਿਚ 'ਅਮ੍ਰਿਤਸਰ' ਦੀ ਐਟਰੀ ਵੀ ਉਚੇਚਾ ਧਿਆਨ ਮੰਗਦੀ ਹੈ ਜਿਸਦੇ ਅਰਥ ਬੜੇ ਵਿਸਤਾਰ ਨਾਲ ਦਿੱਤੇ ਗਏ ਹਨ। ਇਸ ਇੰਦਰਾਜ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:-
ਅਮ੍ਰਿਤਸਰ:-"… ੧ ਮਾਗ ਸੰਮਤ ੧੬੪੫ ਨੂੰ ਪੰਜਵੇਂ ਸਤਿਗੁਰੂ ਨੇ ਤਾਲ ਦੇ ਮੱਧ ਹਰਮਿੰਦਿਰ ਦੀ ਨਿਉਂ ਰੱਖੀ………ਅਮ੍ਰਿਤਸਰ ਵਿਚ ਸ਼੍ਰੀ ਹਰਿਮੰਦਿਰ ਸਾਹਿਬ ਸਭ ਗੁਰੁਦੁਆਰਿਆਂ ਵਿਚੋਂ ਸ਼ਿਰੋਮਣੀ ਗੁਰੁਧਾਮ ਹੈ……ਸੰਮਤ ੧੮੧੮ ਵਿਚ ਅਹਿਮਦ ਸ਼ਾਹ ਦੁਰਾਨੀ ਨੇ ਹਰਿਮੰਦਿਰ ਨੂੰ ਬਾਰੂਦ ਨਾਲ ਉਡਵਾਕੇ ਤਾਲ ਭਰਵਾ ਦਿੱਤਾ…ਮੰਜੀ ਸਾਹਿਬ.ਸ਼੍ਰੀ ਦਰਬਾਰ ਸਾਹਿਬ ਦੇ ਪਾਸ ਗੁਰੂ ਕੇ ਬਾਗ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਹੈ.ਜਦੋਂ ਦਰਬਾਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ, ਤਦੋਂ ਗੁਰੂ ਜੀ ਇੱਥੇ ਬੈਠਕੇ ਦੀਵਾਨ ਲਗਾਇਆ ਕਰਦੇ ਸਨ." (ਮਹਾਨ ਕੋਸ਼)
ਇਨਾਂ ਅੰਸ਼ਾ ਵਿਚ ਇਕੋ ਹੀ ਸਥਾਨ ਲਈ 'ਹਰਿਮੰਦਰ' ਅਤੇ 'ਦਰਬਾਰ' ਸਾਹਿਬ ਦੋਹਾਂ ਦੀ ਵਰਤੋਂ ਸਪਸ਼ਟ ਹੈ।
ਅਸੀਂ ਉਪਰ ਮਹਾਨ ਕੋਸ਼ ਵਿਚ ਦਿੱਤੇ ਦਰਬਾਰ, ਹਰਿਮੰਦਰ ਅਤੇ ਅਮ੍ਰਿਤਸਰ ਤਿੰਨ ਸ਼ਬਦਾਂ ਦੇ ਅਰਥਾਂ ਰਾਹੀ ਵੇਖਿਆ ਹੈ ਕਿ ਇਹ ਤਿੰਨੇ ਸ਼ਬਦ, ਕਈਂ ਥਾਂ, ਪ੍ਰਾਯਵਾਚੀ ਸ਼ਬਦ ਦੇ ਰੂਪ ਵਿਚ ਇਸਤੇਮਾਲ ਹੁੰਦੇ ਰਹੇ ਹਨ। ਯਾਨੀ ਕਿ ਦਰਬਾਰ ਸਾਹਿਬ ਜੀ ਵਾਸਤੇ ਹਰਿਮੰਦਰ ਅਤੇ ਅਮ੍ਰਿਤਸਰ ਸ਼ਬਦਾ ਦੀ ਵਰਤੋਂ, ਖੁੱਲ ਕੇ ਅਤੇ ਨਿਰਸੰਕੋਚ, ਹੁੰਦੀ ਆਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਦਸਤਾਵੇਜ਼ਾਂ ਵਿਚ ਵਾਕਿਆ ਨਵੀਸਾਂ ਨੇ ਦਰਬਾਰ ਸਾਹਿਬ ਨੂੰ ਹਰਿਮੰਦਰ ਸਾਹਿਬ ਦੇ ਨਾਲ ਨਾਲ ਅਮ੍ਰਿਤਸਰ ਕਰਕੇ ਵੀ ਦਰਜ ਕੀਤਾ ਹੈ। ਮਹਾਨ ਕੋਸ਼ ਵਿਚ ਵੀ ਤਿੰਨੇ ਇੰਦਰਾਜ ਇਕ ਦੂਜੇ ਵਾਸਤੇ ਵੀ ਅਰਥਾਏ ਗਏ ਹਨ।ਇਹੀ ਕਾਰਨ ਹੈ ਕਿ ਅੱਜ ਵੀ, ੧੯੮੪ ਦਾ ਜ਼ਿਕਰ ਕਰਦੇ, ਦਰਬਾਰ ਸਾਹਿਬ ਤੇ ਹਮਲਾ, ਅਕਾਲ ਤਖ਼ਤ ਸਾਹਿਬ ਤੇ ਹਮਲਾ ਹਰਿਮੰਦਰ ਸਾਹਿਬ ਤੇ ਹਮਲਾ ਅਤੇ ਅਮ੍ਰਿਤਸਰ ਤੇ ਹਮਲਾ ਕਰਕੇ ਕਿਹਾ-ਲਿਖਿਆ ਜਾਂਦਾ ਹੈ।
ਇਸ ਲਈ ਕਿਸੇ ਸੱਜਣ ਦਾ ਇਹ ਦਰਸਾਉਂਣ ਦਾ ਜਤਨ ਕਰਨਾ ਕਿ '੧੯੪੭ ਤੋਂ ਪਹਿਲਾਂ ਦਰਬਾਰ ਸਾਹਿਬ ਹੀ ਕਿਹਾ ਜਾਂਦਾ ਸੀ' ਜਾਂ ਕਿਸੇ ਸੱਜਣ ਦਾ ਇਹ ਕਹਿਣਾ ਕਿ 'ਸਾਡੇ ਦੇਖਦੇ-ਦੇਖਦੇ ਹੀ ਦਰਬਾਰ ਸਾਹਿਬ ਤੋਂ ਹਰਿਮੰਦਰ ਸਾਹਿਬ ਹੋ' ਗਿਆ ਇਕ ਕੋਰਾ ਝੂਠ ਜਾਂ ਅਗਿਆਨਤਾ ਹੈ।
ਹੁਣ ਸਵਾਲ ਉੱਤਪੰਨ ਹੁੰਦਾ ਹੈ ਕਿ ਦਰਬਾਰ ਸਾਹਿਬ ਦੇ ਨਾਲ ਦੇ ਨਾਲ ਪ੍ਰਚਲਤ ਹਰਿਮੰਦਰ ਸਾਹਿਬ ਦੇ ਲਕਬ ਨਾਲ ਕੀ ਸਮਸਿੱਆ ਹੈ ? ਸ਼ਾਇਦ ਇਹ ਕਿ ਕੁੱਝ ਸੱਜਣਾ ਨੂੰ ਇਸ ਲਕਬ ਵਿਚ ਬ੍ਰਾਹਮਣਵਾਦ ਨਜ਼ਰ ਆਉਂਦਾ ਹੈ।ਲਗਦਾ ਹੈ ਕਿ ਬ੍ਰਾਹਮਣਵਾਦ ਦੇ ਸਭ ਤੋਂ ਵੱਡੇ ਸ਼ਿਕਾਰ ਇਹ ਆਪ ਹੀ ਹੋ ਚੁੱਕੇ ਹਨ।
ਤਰਕ ਇਹ ਹੈ ਕਿ, ਚੁੰਕਿ ਗੁਰਬਾਣੀ ਵਿਚ ਹਰਿਮੰਦਰ ਸ਼ਬਦ ਤਾਂ ਸਰੀਰ-ਪਰਮਾਤਮਾ ਦੀ ਮੌਜੂਦਗੀ ਲਈ ਵਰਤਿਆ ਗਿਆ ਹੈ ਅਤੇ ਦਰਬਾਰ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਵਰਤਿਆ ਗਿਆ ਹੈ, ਇਸ ਲਈ ਗੁਰੂ ਸਾਹਿਬ ਅੰਮ੍ਰਿਤਸਰ ਵਿਖੇ ਸਥਾਪਤ ਸਿੱਖੀ ਦੇ ਕੇਂਦਰੀ ਸਥਾਨ ਨੂੰ ਹਰਿਮੰਦਰ ਕਿਵੇਂ ਆਖ ਸਕਦੇ ਹਨ ? ਇਹ ਤਰਕ 'ਕਾਲਾ ਅਫ਼ਗਾਨਾ' ਜੀ ਦੀ ਉਸ ਰੀਸ ਤੋਂ ਜਨਮਿਆ ਹੈ ਜਿਸ ਦੇ ਚਲਦੇ ਉਨਾਂਹ ਨੇ 'ਖੰਡੇ ਦਾ ਅੰਮ੍ਰਿਤ' ਜਾਂ 'ਖੰਡੇ ਦੀ ਪਾਹੂਲ' ਦਾ ਬੇਲੋੜਾ ਪੁਆੜਾ ਖੜਾ ਕੀਤਾ ਸੀ, ਜਦ ਕਿ ਇਸ ਬਾਰੇ ਉਹ ਆਪ ਵੱਡੇ ਭੁੱਲੇਖੇ ਦਾ ਸ਼ਿਕਾਰ ਸਨ।ਖੈਰ! ਚਲੋ ਇਸੇ ਤਰਕ ਦੇ ਪਰਿਪੇਖ ਵਿਚ ਪਹਿਲਾਂ ਇਹ ਵਿਚਾਰ ਲੇਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ 'ਦਰਬਾਰ' ਕਿਸ ਲਈ ਵਰਤਿਆ ਗਿਆ ਹੈ ?
ਚਲਦਾ……
ਹਰਦੇਵ ਸਿੰਘ, ਜੰਮੂ- ੯.੧੦.੨੦੧੩
No comments:
Post a Comment