‘੫ ਕਰੋੜ ਦਾ ਇਨਾਮ ਗੁਰਮਤਿ ਦੀ ਕਸਵਟੀ ਤੇ'
ਹਰਦੇਵ ਸਿੰਘ,ਜੰਮੂ
ਹਰਦੇਵ ਸਿੰਘ,ਜੰਮੂ
ਆਧੁਨਿਕ ਦੌਰ ਦੇ ਆਰੰਭਕ ਦਹਾਕਿਆਂ ਵਿਚ 'ਸਿੱਘ ਸਭਾ ਲਹਿਰ' ਚਲੀ। ਪ੍ਰੋ. ਗੁਰਮੁਖ ਸਿੰਘ, ਭਾਈ ਕਾ੍ਹਨ ਸਿੰਘ ਨਾਭਾ,ਗਿਆਨੀ ਗੁਰਦਿੱਤ ਸਿੰਘ,ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਪ੍ਰਿ. ਤੇਜਾ ਸਿੰਘ ਆਦਿ ਵਿਲੱਖਣ ਵਿਦਵਾਨ ਸੱਜਣਾਂ ਨੇ ਗੁਰਮਤਿ ਬਾਰੇ ਵਿਚਾਰ ਪ੍ਰਗਟ ਕੀਤੇ। ਅੱਜ ਪੰਥਕ ਵਿਚਾਰ ਹਲਕਿਆਂ ਵਿਚ ਉਨ੍ਹਾਂ ਵਿਦਵਾਨਾਂ ਦੇ ਭਾਰੀ ਯੋਗਦਾਨ ਨੂੰ ਸਨਮਾਨ ਸਹਿਤ ਸਵੀਕਾਰ ਕੀਤਾ ਜਾਂਦਾ ਹੈ। ਖੈਰ, ਇਸ ਸੰਖੇਪ ਜਿਹੀ ਚਰਚਾ ਵਿਚ ਅਸੀਂ ਇਨ੍ਹਾਂ ਵਿਦਵਾਨਾਂ ਨਾਲ ਜੁੜੇ ਇਕ ਵਿਸ਼ੇਸ਼ ਪੱਖ ਦੀ ਵਿਚਾਰ ਕਰਦੇ ਇਹ ਸਮਝਣ ਜਾ ਜਤਨ ਕਰਾਂਗੇ ਕਿ ਅੱਜ ਕਈਂ ਥਾਂ ਕੀ ਵਾਪਰ ਰਿਹਾ ਹੈ ?
ਇਕ ਲਿਖਾਰੀ ਨੇ ਆਪਣੀ ਗੱਲ ਲਿਖੀ ਤਾਂ ‘ਸ਼ਰਤ ਵਜੋਂ ੫ ਕਰੋੜ ਦਾ ਇਨਾਮ’ ਰੱਖ ਦਿੱਤਾ ਕਿ;ਜੋ ਵੀ ਮੇਰੀ ਗਲ ਗਲਤ ਸਾਬਤ ਕਰੇ ਉਹ ੫ ਕਰੋੜ ਦਾ ਇਨਾਮ ਲੈ ਜਾਏ ! ਬਿਬੇਕ-ਦਲੀਲ ਨਾਲ ਵਿਚਾਰ ਪੇਸ਼ ਕਰਨਾ ਮਾੜੀ ਗਲ ਨਹੀਂ ਪਰ ੫ ਕਰੋੜ ਦੀ ਸ਼ਰਤ ਦਾ ਕੀ ਭਾਵਅਰਥ ? ਮੈਂ ਬੇਨਤੀ ਕੀਤੀ ਕਿ ਵੀਰ ਜੀ ਆਪਣੀ ਗਲ ਜ਼ਰੂਰ ਕਹੋ ਪਰ ਚੰਗੇ ਬਿਬੇਕੀ ਤਰਕ ਦੇ ਆਸਰੇ ਕਹੋ, ਨਾ ਕਿ ਇੱਕ ਮੋਟੀ ਖ਼ਿਆਲੀ ਰਕਮ ਦੇ ਆਸਰੇ ! ਕੋਂਣ ਸੂਝਵਾਨ ਲਾਲਚੀ ਦਾ ਲੇਬਲ ਲਗਵਾ ਚਰਚਾ ਕਰਨ ਲਈ ਆਏਗਾ ? ਨਾ ਲੱਭਣਾ ਪੈਸਾ ਨਾ ਰਹਿਣੀ ਇੱਜ਼ਤ !
ਜ਼ਰਾ ਵਿਚਾਰ ਕਰੀਏ ਕਿ ਕੀ ਸਿੱਖ ਹੁਣ ਪੈਸੇ ਲਈ ਲਾਟਰੀਨੂਮਾਂ ਸੰਵਾਦ ਕਰਿਆ ਕਰਨ ਗੇ ? ਫਿਰ ਪੋਸਟਰ ਵੀ ਛੱਪਵਾ ਲਏ ਜਿਵੇਂ ਚੰਬਲ ਦੇ ਡੀ.ਸੀ. ਨੇ ਡਾਕੂ ਗੱਬਰ ਸਿੰਘ ਨੂੰ ਪਕੜਨ ਲਈ ਇਨਾਮ ਰੱਖਿਆ ਹੋਵੇ! ੫ ਕਰੋੜ ਇਨਾਮ ਰੱਖਣ ਦਾ ਮਕਸਦ ਹੀ ਸੂਝਵਾਨਾਂ ਨਾਲ ਸੰਵਾਦ ਤੋਂ ਭੱਜਣਾ ਹੈ। ਭਲਾ ਸਿੱਧ ਗੋਸ਼ਿਟ ਸ਼ਰਤ ਲਗਾ ਕੇ ਹੋਈ ਸੀ ? ਗੁਰਮਤਿ ਦੀ ਕਸਵਟੀ ਸੰਵਾਦ ਵਿਚ ਪੈਸੇ ਦੀ ਸ਼ਰਤ ਲਗਾਉਂਣ ਦੀ ਇਜਾਜ਼ਤ ਦਿੰਦੀ ਹੈ ? ਇਨਾਮ ਰੱਖਣ ਵਾਲੇ ਨੂੰ ਇਸ ਪੱਖੋਂ ਆਪ ਗੁਰਮਤਿ ਦੀ ਸਮਝ ਨਹੀਂ !
ਖ਼ੈਰ, ਆਰੰਭ ਵਿਚ ਦਰਸਾਏ ਵਿਦਵਾਨਾਂ ਨੇ ਚਿੰਤਨ ਕਰਦੇ ਕਦੇ ਪੈਸੇ ਦੀਆਂ ਸ਼ਰਤਾਂ ਨਹੀਂ ਸੀ ਲਾਈਆਂ, ਕਿਉਂਕਿ ਕਿਸੇ ਸੂਝਵਾਨ ਵਿਦਵਾਨ ਲਈ ਇੰਝ ਦਾ ਕੰਮ ਸੋਭਦਾ ਨਹੀਂ।ਇਹ ਢੰਗ ਐਸੇ ਵਿਚਾਰਕ ਜੁਏ ਦਾ ਪ੍ਰਭਾਵ ਦੇ ਸਕਦਾ ਹੈ, ਜਿਸ ਦਾ ਪਾਸਾ ਪੁੱਠਾ ਪੈ ਜਾਏ ਤਾਂ ਅਨਰਥ ਵਾਪਰ ਸਕਦਾ ਹੈ। ਅਸਲਿਅਤ ਇਹ ਕਿ ੫ ਕਰੋੜ ਨਾ ਕਿਸੇ ਨੇ ਦੇਣਾਂ ਤੇ ਨਾ ਕਿਸੇ ਨੂੰ ਮਿਲਣਾ ਹੈ, ਕਿਉਂਕਿ ਇਨਾਮ ਰੱਖਣ ਵਾਲੇ ਨੂੰ ਪਤਾ ਹੈ ਕਿ; ਮੈਂ ਕਦੇ ਮੰਨਣਾ ਹੀ ਨਹੀਂ ਤਾਂ ਸ਼ਰਤ ਦੀ ਰਕਮ ਦਾ ਭੁਗਤਾਨ ਕੈਸਾ ?
ਪਰ ਪੈਸੇ ਦੀ ਹਕੀਕਤ ਤੋਂ ਪਰੇ ੫ ਕਰੋੜ ਦਾ ਪ੍ਰਭਾਵ ਹੁੰਦਾ ਹੈ।ਇਤਨਾ ਪ੍ਰਭਾਵ ਕਿ ਕਿਸੇ ਦੀ ਚੰਗੀ ਭਲੀ ਮਤਿ ਨੂੰ ਮਾਰ ਵੀ ਸਕਦਾ ਹੈ। ਆਮ ਸੁਣਨ ਵਾਲਾ ਤੱਥ ਤੋਂ ਵੱਧ, ਰਕਮ ਤੋਂ ਪ੍ਰਭਾਵਤ ਹੋ, ਸ਼ਰਤ ਲਗਾਉਂਣ ਵਾਲੇ ਨੂੰ ਭਾਰੀ ਗਿਆਨਵਾਨ ਸਮਝ ਲੇਂਦਾ ਹੈ।ਐਸਾ ਗਿਆਨਵਾਨ, ਜਿਸ ਨੇ, ਜਿਵੇਂ ਕੌਮ ਖ਼ਾਤਰ, ਆਪਣਾ ਸਾਰਾ ਪੈਸਾ ਕੁਰਬਾਨੀ ਤੇ ਲਗਾ ਦਿੱਤਾ ਹੋਵੇ।
ਇਹ ਮਜ਼ਾਕ ਦੀ ਨਹੀਂ ਬਲਕਿ ਗੰਭੀਰਤਾ ਨਾਲ ਵਿਚਾਰਨ ਦੀ ਗਲ ਹੈ ਕਿ ਅਗਰ ਕਿਸੇ ਦਿਨ, ਕਿਸੇ ਹੋਰ ਨੇ ਪ੍ਰਭਾਵ ਜਮਾਉਂਣ ਲਈ, ੫ ਦੇ ਉੱਪਰ ੫੦ ਕਰੋਭ ਦੀ ਸ਼ਰਤ ਲਗਾ ਕੇ ਇਹ ਕਹਿ ਦਿੱਤਾ, ਕਿ ਫ਼ਲਾਂ ਗ੍ਰੰਥ ਸਾਰੇ ਦਾ ਸਾਰਾ ਗੁਰੂ ਕ੍ਰਿਤ ਹੈ ਤਾਂ ਕੀ ਹੋਵੇਗਾ? ਗਲ ੫੦ ਕਰੋੜ ਵਾਲੇ ਨੇ ਵੀ ਉਹੀ ਕਰਨੀ ਹੈ ਕਿ; ਮੈਂ ਕਦੇ ਮੰਨਣਾ ਹੀ ਨਹੀਂ ਤਾਂ ਸ਼ਰਤ ਦੀ ਰਕਮ ਦਾ ਭੁਗਤਾਨ ਕੈਸਾ? ਵਸਤੂਆਂ ਦੀ ਨਿਲਾਮੀ ਹੋਵੇ ਤਾਂ ਰਕਮ ਕਿਸੇ ਹੱਦ ਤਕ ਰੁਕ ਜਾਂਦੀ ਹੈ, ਪਰ ਵਿਚਾਰਕ ਹਉਮੇ ਨੂੰ ਪੱਠੇ ਪਾਉਂਦੀ ਸ਼ਰਤ ਦੀ ਰਕਮ ਕਿੱਧਰੇ ਨਹੀਂ ਰੋਕੀ ਜਾ ਸਕਦੀ।ਕੋਈ ੫ ਕਰੋੜ ਕਹੇ ਭਾਵੇਂ ੫੦! ਕਿਹੜਾ ਕਿਸੇ ਦੀ ਜੇਬ ਵਿਚੋਂ ਕੁੱਝ ਜਾਣਾ ਹੈ ?
ਪਰ ਕੀ ਸਿੱਖ ਕੌਮ ਹੁਣ ਜੁਆਰੀਆਂ ਵਾਂਗ ਪੈਸੇ ਦੀਆਂ ਸ਼ਰਤਾਂ ਲਗਾਉਂਣ ਵਾਲੇ ਚਿੰਤਕ ਪੈਦਾ ਕਰੇਗੀ ? ਕੀ ਸਿੱਖ ਕੌਮ ਹੁਣ ਸ਼ਰਤਾਂ ਦੀ ਰਕਮਾਂ ਤੋਂ ਪ੍ਰਭਾਵਤ ਹੋ ਜਾਣ ਵਾਲੇ ਪਾਠਕ ਪੈਦਾ ਕਰੇਗੀ ? ਜ਼ਰਾ ਵਿਸ਼ਵ ਪੱਧਰ ਦੇ ਵਿਦਵਾਨਾਂ ਨੂੰ ਵਿਚਾਰ ਦੇ ਇਸ ਢੰਗ ਬਾਰੇ ਪੁੱਛੋ ਤਾਂ ਉਹ ਸੁਣ ਕੇ ਹੱਸਣ ਗੇ।
ਭਾਈ ਹੋਸ਼ ਕਰਦੇ ਗਲ ਬਿਬੇਕ ਅਤੇ ਸੁਚੱਜੀ ਦਲੀਲ ਨਾਲ ਪੇਸ਼ ਕਰੋ! ਪੈਸੇ ਦੀਆਂ ਸ਼ਰਤਾਂ ਮੁੰਹ ਦੇ ਬਜਾਏ ਦਿਮਾਗ ਵਿਚ ਪਾਣੀ ਭਰ ਸਕਦੀਆਂ ਹਨ।ਦੂਜੇ ਪਾਸੇ ਕੋਈ ੧੦੦ ਕਰੋੜ ਦੀ ਸ਼ਰਤ ਲਗਾ ਬੈਠਾ ਤਾਂ ਕੀ ਕਹਾਂਗੇ ? ਅਧਿਆਤਮਕ ਚਿੰਤਨ ਖੇਤਰ ਵਿਚ ਪੈਸੇ ਦੀ ਸ਼ਰਤ ਮਾਣ ਦੀ ਨਹੀਂ ਬਲਕਿ ਸ਼ਰਮ ਕਰਨ ਦੀ ਗਲ ਹੈ। ਗੁਰਮਤਿ ਦੀ ਕਸਵਟੀ ਸੰਵਾਦ ਵਿਚ ਪੈਸੇ ਦੀ ਸ਼ਰਤ ਲਗਾਉਂਣ ਦੀ ਇਜਾਜ਼ਤ ਨਹੀਂ ਦਿੰਦੀ।ਇਨਾਮ ਰੱਖਣ-ਪ੍ਰਚਾਰਣ ਵਾਲਿਆਂ ਨੂੰ ਇਸ ਪੱਖੋਂ ਆਪ ਗੁਰਮਤਿ ਦੀ ਸਮਝ ਨਹੀਂ।
ਹਰਦੇਵ ਸਿੰਘ,ਜੰਮੂ-੨੪.੦੫.੨੦੧੪
No comments:
Post a Comment