'ਨਿਤਨੇਮ ਬਾਰੇ ਝੂਠ ਦਾ ਭਵਿੱਖ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਅਸੀਂ 30 ਸਾਲ ਪਹਿਲਾਂ ' ਦਰਬਾਰ ਸਾਹਿਬ' ਵਿਖੇ ਹੋਏ ਬਲੂ ਸਟਾਰ ਆਪ੍ਰੇਸ਼ਨ ਦੇ ਸਮੇਂ ਦੇ ਗਵਾਹ ਹਾਂ। ਲੱਖਾਂ ਹੀ ਸਿੱਖ ਐਸੇ ਹਨ ਜੋ ਕਿ ਉਸ ਦੌਰ ਦੇ ਚਸ਼ਮਦੀਦ ਗਵਾਹ ਹਨ ਜਿਨ੍ਹਾਂ ਦੇ ਜੀਵਨ ਕਾਲ ਵਿਚ ਉਹ ਸਾਕਾ ਵਾਪਰਿਆ। ਸਾਕੇ ਬਾਰੇ ਅਲਗ-ਅਲਗ ਰਾਏ ਹੋ ਸਕਦੀ ਹੈ, ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਬਲੂ ਸਟਾਰ ਆਪ੍ਰੇਸ਼ਨ ਹੋਇਆ ਹੀ ਨਹੀਂ ਸੀ, ਜਾਂ ਫਿਰ ਉਹ ਆਪ੍ਰੇਸ਼ਨ ਦਰਬਾਰ ਸਾਹਿਬ ਨਹੀਂ, ਬਲਕਿ ਦਿੱਲੀ ਵਿਚ ਹੋਇਆ ਸੀ।
ਯਾਨੀ ਅਤਿ ਵਿਸ਼ੇਸ਼ ਗੱਲਾਂ ਬਾਰੇ 30 ਸਾਲ ਬਾਦ ਵੀ, ਸਾਡੀ ਯਾਦਾਸ਼ਤ ਇਤਨੀ ਖਰਾਬ ਨਹੀਂ ਹੈ ਕਿ ਉਹ ਬਲੂਸਟਾਰ ਅਤੇ ਉਸਦੇ ਵਾਪਰਣ ਦੇ ਸਥਾਨ ਬਾਰੇ ਧੋਖਾ ਖਾ ਜਾਏ। ਕੀ ਕੋਈ ਅੱਜ ਇਹ ਭ੍ਰਮ ਪੈਦਾ ਕਰ ਸਕਦਾ ਹੈ ਕਿ 30 ਸਾਲ ਪਹਿਲਾਂ ਬਲੂ ਸਟਾਰ ਆਪੇਸ਼ਨ ਹੋਇਆ ਹੀ ਨਹੀਂ ਸੀ ? ਕੀ ਕੋਈ ਅੱਜ ਸਾਡੇ ਅੰਦਰ ਇਹ ਭ੍ਰਮ ਪੈਦਾ ਕਰ ਸਕਦਾ ਹੈ ਕਿ ਇਹ ਆਪ੍ਰੇਸ਼ਨ ਦਿੱਲੀ ਵਿਚ ਹੋਇਆ ਸੀ ? ਨਿਰਸੰਦੇਹ ਨਹੀਂ ! ਅੱਜ ਉਸ ਸਮੇਂ ਦੇ ਜਿੰਦਾ ਚਸ਼ਮਦੀਦਾਂ ਨੂੰ ਇਹ ਸਭ ਕਿਸੇ ਕਿਤਾਬ ਵਿਚ ਵੀ ਪੜਨ ਦੀ ਲੋੜ ਨਹੀਂ, ਕਿਉਂਕਿ ਉਸ ਸਮੇਂ ਨਾਲ ਜੁੜੀਆਂ ਵਿਸ਼ੇਸ਼ ਗੱਲਾ ਉਨ੍ਹਾਂ ਦੀ ਆਪਣੀ ਯਾਦ ਵਿਚ, ਪੱਕੇ ਤੌਰ ਤੇ, ਸੁਰਖਿਅਤ ਹਨ।
ਜੇ ਕਰ ਉਸ ਸਮੇਂ ਦੇ ਚਸ਼ਮਦੀਦ 40 ਕੁ ਸਾਲ ਹੋਰ ਜਿੰਦਾ ਰਹਿੰਦੇ ਹਨ, ਤਾਂ ਇਸਦਾ ਅਰਥ ਇਹ ਹੋਇਆ ਕਿ ਉਹ, ਬਲੂਸਟਾਰ ਬਾਰੇ, ਆਪਣੀ ਸਿੱਦੀ ਜਾਣਕਾਰੀ ਨੂੰ, 30+40=70 ਸਾਲ ਅੱਗੇ ਤਕ ਆਪ ਹੀ ਲੈ ਜਾਣ ਗੇ। ਹੁਣ ਸੁਭਾਵਕ ਰੂਪ ਵਿਚ ਉਸ ਦੌਰ ਦੇ ਚਸ਼ਮਦੀਦਾਂ ਦੇ ਕਈਂ ਬਾਲ-ਬੱਚੇ (ਜੋ ਕਿ ਉਦੋਂ ੧ ਜਾਂ ਦੋ ਸਾਲ ਦੇ ਸਨ) ਬਲੂਸਟਾਰ ਬਾਰੇ ਮਾਪਿਆਂ-ਰਿਸ਼ਤੇਦਾਰਾਂ ਤੋਂ ਮਿਲੀ ਇਸ ਜਾਣਕਾਰੀ ਨੂੰ, ਸਾਕਾ ਵਾਪਰਣ ਤੋਂ 85 ਕੁ ਸਾਲ ਤਕ ਅੱਗੇ ਲੈ ਜਾਂਣ ਗੇ।
ਇੱਥੇ ਹੀ ਬੱਸ ਨਹੀਂ! ਜੇ ਕਰ ਸਾਡੇ ਵਰਗੇ ਸਮੇਂ ਦੇ ਚਸ਼ਮਦੀਦਾਂ ਵਿਚੋਂ, ਕਿਸੇ ਦੇ ਘਰ 2014 ਵਿਚ ਪੋਤਾ ਪੈਦਾ ਹੋਇਆ ਹੈ, ਤਾਂ ਉਹ ਪੋਤਾ, ਇਹ ਜਾਣਕਾਰੀ ਗ੍ਰਹਿਣ ਕਰ, ਉਸ ਨੂੰ ਘਟਨਾ ਵਾਪਰਣ ਤੋਂ 110 ਸਾਲ ਅਤੇ ਆਪਣੇ ਬੱਚਿਆਂ ਰਾਹੀਂ 125 ਸਾਲ ਤੋਂ ਵੱਧ, ਸਮੇਂ ਤਕ ਲੈ ਜਾਏ ਗਾ।ਯਾਨੀ ਕਿ 'ਪਹਿਲੇ ਹੱਥ' ਤੋਂ ਦੂਜੇ, ਅਤੇ 'ਦੂਜੇ ਤੋਂ ਤੀਜੇ' ਹੱਥ ਤਕ ਵਿਸ਼ੇਸ਼ ਜਾਣਕਾਰੀ, ਪੁਖਤਾ ਰੂਪ ਵਿਚ ਘੱਟੋ-ਘੱਟ 125 ਸਾਲ ਅੱਗੇ ਦੇ ਸਮੇਂ ਤਕ ਪਹੁੰਚੇ ਗੀ।
ਇਹ ਵਿਗਿਅਨਕ ਜਿਹਾ ਵਿਸ਼ਲੇਸ਼ਣ ਹੈ ਜਿਸ ਤੋਂ ਕੋਈ ਸੂਝਵਾਨ ਮੁਨਕਰ ਨਹੀਂ ਹੋ ਸਕਦਾ। ਹਾਂ ਜ਼ੁਬਾਨੀ ਰੂਪ ਵਿਚ ਘਟਨਾ ਕ੍ਰਮ ਦੇ ਕਾਰਣਾਂ ਅਤੇ ਕਾਲਾਂਤਰ ਤਾਰੀਖਾਂ ਬਾਰੇ ਛੋਟੇ ਮੋਟੇ ਮਤਭੇਦ ਉਭਰ ਸਕਦੇ ਹਨ ਜਾਂ ਸਬੰਧਤ ਧਿਰ ਇਸ ਨੂੰ ਆਪਣੇ-ਆਪਣੇ ਦ੍ਰਿਸ਼ਟੀਕੋਂਣ ਨਾਲ ਸਮਝ-ਲਿਖ ਸਕਦੇ ਹਨ।ਪਰ ਮੁੱਖ ਅਤੇ ਮੁੱਡਲੀ ਜਾਣਕਾਰੀ ਬਾਰੇ ਐਸਾ ਭੁੱਲੇਖਾ ਨਹੀਂ ਦਿੱਤਾ ਜਾ ਸਕਦਾ ਕਿ ਬਲੂਸਟਾਰ ਆਪ੍ਰੇਸ਼ਨ ਹੋਇਆ ਹੀ ਨਹੀਂ ਸੀ ਬਲਕਿ ਇਹ ਤਾਂ ਇਕ ਸ਼ੋਸ਼ਾ ਮਤਾਰ ਸੀ, ਜੋ ਸਿੱਖਾਂ ਦੇ ਗਲੇ ਐਵੇਂ ਹੀ ਪਾ ਦਿੱਤਾ ਗਿਆ ! ਜਾਂ ਫਿਰ ਇਹ ਤਾਂ ਦਿੱਲੀ ਹੋਇਆ ਸੀ ਪਰ ਸਿੱਖਾਂ ਵਿਚ ਭੁੱਲੇਖਾ ਪਾਉਂਣ ਲਈ ਇਸ ਨੂੰ ਦਰਬਾਰ ਸਾਹਿਬ ਹੋਇਆ ਪ੍ਰਚਾਰ ਦਿੱਤਾ ਗਿਆ! ਕੀ ਕੋਈ ਬਿਪਰ, ਫ਼ਾਦਰ ਜਾਂ ਮੋਲਵੀ ਐਸੇ ਝੂਠ ਨੂੰ ਸਾਡੇ ਤੋਂ ਕਬੂਲ ਕਰਵਾ ਸਕਦਾ ਹੈ? ਨਿਰਸੰਦੇਹ: ਨਹੀਂ!
ਇਸ ਸੰਖੇਪ ਵਿਚਾਰ ਉਪਰੰਤ ਹੁਣ ਅਸੀਂ ਦਸ਼ਮੇਸ਼ ਜੀ ਦੇ ਅਕਾਲ ਚਲਾਣੇ 1708 ਦੇ ਬਾਦ ਵਾਲੇ ਘੱਟਨਾ ਕ੍ਰਮ ਨੂੰ ਲੇਂਦੇ ਹਾਂ!
ਜ਼ਾਹਰ ਹੈ ਕਿ 1708 ਤੋਂ ਬਾਦ ਸਿੱਖੀ ਸੰਨ 2014 ਤਕ, ਗੇਂਦ ਵਾਂਗ ਟੱਪਾ ਖਾ ਕੇ ਨਹੀਂ ਪਹੁੰਚੀ, ਬਲਕਿ ਇਕ ਸਮੇਂ ਕਾਲ ਦੇ ਵਿਚੋਂ ਦੀ ਤੁਰਦੀ ਸਾਡੇ ਤਕ ਪਹੁੰਚੀ ਹੈ।ਪਰ ਕਈ ਸੱਜਣ ਤਾਂ 1708 ਬਾਦ ਸਿੱਖੀ ਦਾ ਆਰੰਭ, ਸਿਦਾ ਆਪਣੇ ਤੋਂ ਹੀ ਸਮਝਦੇ ਹਨ। ਖ਼ੈਰ! ਨਿਤਨੇਮ ਦੇ ਸੰਧਰਭ ਕੁਰਾਹੇ ਪਈ ਐਸੀ ਸੋਚ ਨੂੰ ਰਾਹੇ ਰਹਿਣ ਲਈ ਵਿਚ ਕੁੱਝ ਵਿਸ਼ਲੇਸ਼ਣ ਦੀ ਲੋੜ ਹੈ।
1708 ਵਿਚ ਦਸ਼ਮੇਸ਼ ਜੀ ਦਾ ਅਕਾਲ ਚਲਾਣਾ ਹੋਇਆ ਤਾਂ ਉਨ੍ਹਾਂ ਦੇ ਕਈਂ ਸਮਕਾਲੀ (ਉਸ ਵੇਲੇ ਦੇ 20 ਸਾਲਾ ਨੋਜਵਾਨ ਬੱਚੇ-ਬੱਚਿਆਂ) ਤਾਂ ਲੱਗਭਗ 1768 ਤਕ ਜੀਵਤ ਰਹੇ ਹੋਣਗੇ। ਭਾਈ ਮੰਨੀ ਸਿੰਘ ਜੀ ਦੀ ਸ਼ਹੀਦੀ 1738 ਵਿਚ ਹੋਈ ਤਾਂ ਸਪਸ਼ਟ ਹੈ ਕਿ ਉਨ੍ਹਾਂ ਦੀ ਸ਼ਹੀਦੀ ਉਪਰੰਤ, ਸੰਨ 1765 ਦੇ ਆਸਪਾਸ, ਪੰਜਾਬ ਖੇਤਰ ਵਿਚ ਸਿੱਖਾਂ ਨੇ ਦੁਬਾਰਾ ਆਪਣਾ ਪ੍ਰਭਾਵ ਸਥਾਪਤ ਕਰ ਅਕਾਲ ਤਖ਼ਤ ਦੇ ਨਾਮ ਹੇਠ ਸਿੱਖ ਰਾਜ ਦਾ ਸਿੱਕਾ ਜਾਰੀ ਕੀਤਾ, ਅਤੇ ਇਸ ਪ੍ਰਭਾਵ ਨੂੰ ਸਥਾਪਤ ਕਰਨ ਵਾਲਿਆਂ ਵਿਚੋਂ ਕਈਂ ਦਸ਼ਮੇਸ਼ ਜੀ ਦੇ ਸਮਕਾਲੀ ਸਿੱਖ ਵੀ ਸਨ ਅਤੇ ਬਹੁਤੇ ਸਮਕਾਲਿਆਂ ਦੀ ਪਹਿਲੀ ਪੀੜੀ ਸਨ। ਜਿਵੇਂ ਕਿ ਮਹਾਨ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਜੋ ਕਿ 1697 ਵਿਚ ਦਸ਼ਮੇਸ਼ ਜੀ ਦੇ ਹੁੰਦਿਆਂ ਪੈਦਾ ਹੋਏ ਸੀ ਅਤੇ ਜੱਸਾ ਸਿੰਘ ਆਹਲੂਵਾਲਿਆ 1718 ਵਿਚ ਪੈਦਾ ਹੋਏ ਸੀ ਜੋ ਕਿ 1783 ਤਕ ਪੰਥਕ ਰਹਿਨੁਮਾਈ ਕਰਦੇ ਰਹੇ।
ਧਿਆਨ ਰਹੇ ਕਿ ਬੰਦਾ ਸਿੰਘ ਬਹਾਦਰ ਜੀ ਦਾ ਅਕਾਲ ਚਲਾਣਾ 1716 ਵਿਚ ਹੋਇਆ, ਅਤੇ ਉਸ ਤੋਂ 50 ਕੁ ਸਾਲ ਬਾਦ, ਪੰਜਾਬ ਵਿਚ ਸਿੱਖ ਪ੍ਰਭਾਵ ਦੁਬਾਰਾ ਸਥਾਪਤ ਹੋ ਗਿਆ ਸੀ, ਜਿਸ ਨੂੰ ਮਿਸਲ ਕਾਲ ਕਿਹਾ ਜਾਂਦਾ ਹੈ।ਇਹ ਉਹ ਸਮਾਂ ਸੀ ਜਿਸ ਵਿਚ ਸਿੱਖਾਂ ਦੇ ਗੁਰੂਕਾਲ ਦੇ ਜ਼ਿਆਦਾ ਨਜ਼ਦੀਕ ਅਤੇ ਜ਼ਿਆਦਾ ਸਮਰਪਤ ਹੋਣ ਦੀ ਗਲ ਸਵੀਕਾਰ ਕੀਤੀ ਜਾਦੀ ਹੈ।
ਐਸੀ ਸਥਿਤੀ ਵਿਚ, ਕੀ ਗੁਰੂ ਸਾਹਿਬਾਨ ਦੇ ਸਮਕਾਲੀ ਸਿੱਖਾਂ ਦੇ ਹੁੰਦੇ ਹੀ, ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਸੰਚਾਰ ਕ੍ਰਿਆ ਜਾਂ ਨਿਤਨੇਮ ਦੀਆਂ ਬਾਣਿਆਂ ਬਾਰੇ ਇਤਨਾ ਵੱਡਾ ਭੁੱਲੇਖਾ ਦਿੱਤਾ ਜਾ ਸਕਦਾ ਸੀ, ਕਿ ਸਿੱਖ ਇਤਨੇ ਅਹਿਮ ਕਾਰਜ ਲਈ ਬਾਹਰੀ ਅਤੇ ਅਣਜਾਣ-ਔਪਰਿਆਂ ਰੱਚਨਾਵਾਂ ਨੂੰ ਕਬੂਲ ਕਰ ਗਏ ?
ਉਸ ਵੇਲੇ ਸਿੱਖ ਇਤਨੇ ਹੀ ਅਵੇਸਲੇ ਜਾਂ ਭੁੱਲਕੜ ਹੁੰਦੇ ਤਾਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਮਾਤਰ 28 ਕੁ ਸਾਲ ਬਾਦ ਦੁਬਾਰਾ ਆਪਣਾ ਪ੍ਰਭਾਵ ਸਥਾਪਤ ਕਰਨ ਵਿਚ ਸਫ਼ਲ ਨਾ ਹੁੰਦੇ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ 28 ਸਾਲ ਬਾਦ ਸਿੱਖ ਪ੍ਰਭਾਵ ਦੀ ਪੁਨਰਸਥਾਪਨਾ ਇਹ ਸਿੱਧ ਕਰਦੀ ਹੈ ਕਿ ਸਿੱਖ ਮਾਨਸਿਕਤਾ ਆਪਣੇ ਧਰਮ ਪੱਖੋਂ ਕਦੇ ਵੀ ਧਾਰਾਸ਼ਾਈ ਨਹੀਂ ਸੀ ਹੋਈ, ਬਲਕਿ ਉਹ ਆਪਣੇ ਪੰਥਕ ਹਿਤਾਂ ਅਤੇ ਹੱਕਾਂ ਬਾਰੇ ਸੂਚੇਤ ਅਤੇ ਮਜ਼ਬੂਤ ਸੀ ਜਿਸ ਨੇ ਸ਼ਹਾਦਤਾਂ ਦੀਆਂ ਹਨੇਰੀਆਂ ਉਠਾਉਂਦੇ ਇਤਹਾਸ ਦਾ ਰੁਖ ਮੋੜੀਆ ਸੀ।
ਹਾਂ ਇਤਨਾ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਅਰਥਾਂ-ਭਾਵਅਰਥਾਂ ਬਾਰੇ ਵਿਚਾਰਕ ਮਤਭੇਦ ਹੋ ਸਕਦੇ ਹਨ ਜਿਵੇਂ ਕਿ ਅੱਜ ਵੀ ਵੇਖੇ ਜਾਂਦੇ ਹਨ।ਸਥਾਨਕ ਪੱਧਰ ਤੇ ਕਿਸੇ ਬਾਣੀ ਨੂੰ ਘੱਟ ਜਾਂ ਵੱਧ ਕਰਕੇ ਪੜਨ ਦਾ ਵੱਖਰੇਵਾਂ ਹੋ ਸਕਦਾ ਹੈ। ਪਰ ਇਕ ਗਲ ਸਪਸ਼ਟ ਹੈ ਕਿ ਨਾ ਤਾਂ ਅੱਜ ਕੋਈ ਅਣਜਾਣ ਅਤੇ ਔਪਰੀ ਰਚਨਾ ਖੰਡੇ ਬਾਟੇ ਦੇ ਅੰਮ੍ਰਿਤ ਸੰਚਾਰ ਕ੍ਰਿਆ ਜਾਂ ਨਿਤਨੇਮ ਵਿਚ ਵਾੜੀ ਜਾ ਸਕਦੀ ਹੈ, ਨਾ ਹੀ ਉਦੋਂ ਵਾੜੀ ਕਾ ਸਕਦੀ ਸੀ। ਫਿਰ ਗੁਰੂ ਸਾਹਿਬ ਜੀ ਦੇ ਸਮਕਾਲੀਆਂ ਦੇ ਜਿੰਦਾ ਹੁੰਦਿਆਂ ਤਾਂ ਇਹ ਕੰਮ ਨਾਮੁਮਕਿਨ ਸੀ।
1665 ਉਪਰੰਤ ਅਸੀਂ ਪੁੱਜਦੇ ਹਾਂ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਜੀ ਦੇ ਸਮੇਂ ਵਿਚ! ਅਕਾਲੀ ਫ਼ੂਲਾ ਸਿੰਘ ਜੀ ਦਾ ਜਨਮ 1761 ਵਿਚ ਹੋਇਆ ਸੀ।
ਉਸ ਸਮੇਂ ਦੇ ਇਤਹਾਸ ਵਿਚ ਸਿੱਖਾਂ ਅੰਦਰ ਕਈਂ ਬਾਹਰੀ ਪ੍ਰਭਾਵ ਵੇਖਣ ਦੀ ਗਲ ਕੀਤੀ ਜਾਂਦੀ ਹੈ ਪਰ ਇਹ ਮੁਮਕਿਨ ਨਹੀਂ ਜਾਪਦਾ ਕਿ ਉਸ ਵੇਲੇ ਅੰਮ੍ਰਿਤ ਸੰਚਾਰ ਵੇਲੇ ਪੜਨ ਵਾਲਿਆਂ ਬਾਣੀਆਂ ਵਿਚ ਔਪਰੀਆਂ ਰਚਨਾਵਾਂ ਪਾ ਦਿੱਤੀਆਂ ਜਾਂਦੀਆਂ। ਭਾਈ ਮਨੀ ਸਿੰਘ ਤੋਂ ਅਕਾਲੀ ਫੂਲਾ ਸਿੰਘ ਜੀ ਵੇਲੇ ਵੱਖ-ਵੱਖ ਥਾਵਾਂ ਤੋਂ ਆਉਂਦੇ ਸੈਂਕੜੇ ਸਿੱਖ, ਸ਼੍ਰੀ ਅਕਾਲ ਤਖ਼ਤ ਸਾਹਿਬ ਖੰਡੇ ਬਾਟੇ ਦਾ ਅੰਮ੍ਰਿਤ ਛੱਕਦੇ ਸੀ।
ਅਕਾਲੀ ਫੂਲਾ ਸਿੰਘ ਜੀ ਦਾ ਅਕਾਲ ਚਲਾਣਾ ਸੰਨ 1823 ਵਿਚ ਵਿਚ ਹੋਇਆ। ਇਸ ਵੇਲੇ ਤਕ ਦੇ ਕਈਂ ਇਤਹਾਸਕ ਸਰੋਤਾਂ ਵਿਚ ਖੰਡੇ ਦੇ ਅੰਮ੍ਰਿਤ ਵੇਲੇ ਜਪੁ, ਆਨੰਦ ਨਾਲ ਜਾਪ ਆਦਿ ਪੜਨ ਦੇ ਪੁਖ਼ਤਾ ਲਿਖਤੀ ਸਬੂਤ ਮਿਲਦੇ ਹਨ।
ਅਕਾਲੀ ਫ਼ੂਲਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ 38 ਸਾਲ ਬਾਦ ਭਾਈ ਕਾ੍ਹਨ ਸਿੰਘ ਜੀ ਦਾ ਜਨਮ ਹੋਇਆ ਸੀ।ਭਾਈ ਕਾ੍ਹਨ ਸਿੰਘ ਨਾਭਾ ਜੀ ਨੇ ਆਪਣੀਆਂ ਆਰੰਭਕ ਪੁਸਤਕਾਂ ਵਿਚ ਹੀ ਨਿਤਨੇਮ ਦੀਆਂ ਬਾਣੀਆਂ ਵਿਚ ਜਾਪ, ਚੋਪਈ ਅਤੇ ਸਵੈਯਾਂ ਨੂੰ ਸਿੱਖ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵੇਲੇ ਪੜੀਆਂ ਜਾਂਦੀਆਂ ਬਾਣੀਆਂ ਕਰਕੇ ਦਰਜ ਕੀਤਾ ਸੀ।
ਪਾਠਕ ਇਕ ਗਲ ਹੋਰ ਧਿਆਨ ਵਿਚ ਰੱਖਣ ਕੀ ਭਾਈ ਕਾ੍ਹਨ ਸਿੰਘ ਜੀ ਤੋਂ 12 ਸਾਲ ਪਹਿਲਾਂ, ਸੰਨ 1849 ਵਿਚ ਪ੍ਰੋ. ਗੁਰਮੁੱਖ ਸਿੰਘ ਜੀ ਦਾ ਜਨਮ ਹੋਇਆ ਸੀ ਅਤੇ ਗਿਆਨੀ ਦਿੱਤ ਸਿੰਘ ਜੀ 1850 ਵਿਚ ਜਨਮੇ ਸੀ। ਸਿੱਘ ਸਭਾ ਲਹਿਰ ਦੇ ਇਨਾਂ ਮੋਢੀਆਂ ਨੂੰ ਵੀ ਨਿਤਨੇਮ ਵਿਚ ਜਪੁ, ਆਨੰਦ ਨਾਲ ਜਾਪੁ ਆਦਿ ਪੜਨ ਬਾਰੇ ਕੋਈ ਭੁੱਲੇਖਾ ਨਹੀਂ ਸੀ।
ਹੁਣ ਉਪਰੋਕਤ ਤੱਥਾਂ ਦੇ ਪਰਿਪੇਖ ਵਿਚ ਇਸ ਝੂਠੇ ਅਤੇ ਬੇ ਸਿਰ ਪੈਰ ਦੇ ਪ੍ਰਾਪੋਗੰਡੇ ਦਾ ਕੀ ਅਰਥ ਬੱਚਦਾ ਹੈ ਕਿ ਨਿਤਨੇਮ ਦੀਆਂ ਬਾਣੀਆਂ ਸਿੱਖ ਰਹਿਤ ਮਰਿਆਦਾ ਦੀ ਦੇਣ ਹਨ ਅਤੇ ਅੰਗ੍ਰੇਜ਼ਾਂ ਦੇ ਕਹਿਣ ਤੇ ਭਾਈ ਵੀਰ ਸਿੰਘ 1945 ਵਿਚ ਇਸ ਨਿਤਨੇਮ ਨੂੰ ਸਿੱਖਾਂ ਦੇ ਗੱਲ ਪਾ ਗਿਆ ?
ਸੰਨ 1995-2005 ਵਿਚਕਾਰ ਇਸ ਪ੍ਰਾਪੋਗੰਡੇ ਦਾ ਆਰੰਭਕ ਕਾਰਣ ਸਿੱਖ ਪੰਥ ਵਿਚ ਦੁਫੇੜ ਖੜਾ ਕਰਨ ਦੀ ਮਾਨਸਿਕਤਾ ਸੀ ਜਿਸ ਦਾ ਵਾਯਰਸ ਸਿੱਖਾਂ ਵਿਚ ਛੱਡਿਆ ਗਿਆ। ਸੰਸਾਰ ਦੇ ਵਿਚ ਸਿਰਫ਼ ਇਕ ਸਿੱਖ ਕੌਮ ਹੀ ਹੈ ਜਿਸ ਵਿਚ ਦੁਫ਼ੇੜ ਪਾਉਂਣ ਦੀ ਕੋਈ ਸਾਜਸ਼ ਅਜੇ ਤਕ ਇਸ ਲਈ ਕਾਮਯਾਬ ਨਹੀਂ ਹੋ ਸਕੀ, ਕਿਉਂਕਿ ਸਿੱਖ ਆਪਣੇ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ, ਖੰਡੇ ਬਾਟੇ ਦੇ ਅੰਮ੍ਰਿਤ, ਨਿਤਨੇਮ ਅਤੇ 'ਇਕ' ਕੇਂਦਰੀ ਪੰਥਕ ਬਨਾਵਟ ਬਾਰੇ ਅਵੇਸਲੇ ਨਹੀਂ ਰਹੇ। ਕੁੱਝ ਮੌਕਿਆਂ ਤੇ ਐਸੀ ਸਥਿਤੀ ਬਣਨ ਤੇ ਵੀ ਸਿੱਖਾਂ ਨੇ ਗੁਰੂ ਤੇ ਭਰੋਸੇ ਰਾਹੀਂ ਦੁਬਿਦਾਵਾਂ ਨੂੰ ਪਾਰ ਕੀਤਾ।ਹਾਲਾਂਕਿ ਬੁੱਧਮਤ ਇਕ ਨਾ ਰਹਿ ਪਾਇਆ, ਇਸਾਈ ਮਤ ਇਕ ਨਾ ਰਹਿ ਪਾਇਆ ਅਤੇ ਸ਼ਿਆ-ਸੁੰਨੀ ਦੁਫ਼ੇੜ ਬਾਰੇ ਅਸੀਂ ਜਾਣਦੇ ਹੀ ਹਾਂ।
ਹੁਣ ਸਿੱਖਾਂ ਵਿਚ ਵੱਖਰੇ ਪੰਥ ਖੜੇ ਕਰਨ ਦਾ ਛੱਡਿਆ ਗਿਆ ਵਾਯਰਸ ਕੁੱਝ ਸੱਜਣਾ ਦੀ ਆਪਣੀ ਨਾਸਮਝੀ ਕਾਰਨ ਪੈਰ ਪਸਾਰਨ ਦੇ ਜਤਨ ਵਿਚ ਹੈ। ਇਸ ਵਾਯਰਸ ਦੇ ਪੌਸ਼ਣ ਦੇ ਅੰਦਰ ਵਪਾਰਕ-ਚੋਧਰਾਹਟ ਦੀ ਰਾਜਨੀਤੀ ਵੀ ਹੈ ਜਿਸ ਨੇ ਚੰਦ ਭੋਲਿਆਂ ਨੂੰ ਕੁੱਝ ਚਿਰ ਵਾਸਤੇ ਆਪਣਾ ਸ਼ਿਕਾਰ ਵੀ ਬਣਾਇਆ ਹੈ। ਕੁੱਝ ਪ੍ਰਚਾਰਕਾਂ/ਲੇਖਕਾਂ ਨੇ ਹੁਣ ਇਸ ਨੂੰ ਇਕ ਧੰਧਾ ਬਣਾ ਲਿਆ।ਪਰ ਹੁਣ ਝੂਠ ਤੋਂ ਪਰਦੇ ਉੱਠ ਰਹੇ ਹਨ !
ਸਨਦ ਰਹੇ ਕਿ ਝੂਠ ਅਤੇ ਝੂਠ ਦਾ ਪ੍ਰਚਾਰ ਸੰਵਾਦਹੀਨਤਾ ਵਿਚ ਪੈਦਾ ਜ਼ਰੂਰ ਹੋ ਸਕਦਾ ਹੈ, ਪਰ ਸੱਚ ਦੇ ਸਨਮੁੱਖ ਜ਼ਿਆਦਾ ਦੇਰ ਜਿੰਦਾ ਨਹੀਂ ਰਹਿ ਸਕਦਾ।ਇਹੀ ਝੂਠ ਦਾ ਸੱਚ ਹੈ ਅਤੇ ਇਹੀ ਉਸਦਾ ਭਵਿੱਖ ਹੈ !
ਹਰਦੇਵ ਸਿੰਘ, ਜੰਮੂ-੦੧.੦੬.੨੦੧੪
No comments:
Post a Comment