Monday, 16 June 2014


ਅਸੀਂ ਕਿਹੜੇ ਬ੍ਰਾਹਮਣਵਾਦ ਦੇ ਵਿਰੌਧ ਵਿਚ ਹਾਂ?

ਹਰਦੇਵ ਸਿੰਘ, ਜੰਮੂ



ਸਿਰਲੇਖ ਨਹਿਤ ਸਵਾਲ ਬਾਰੇ ਵਿਚਾਰ ਲਈ ਇੱਥੇ ਅਸੀਂ ਕੇਵਲ ਇਕ ਨੁੱਕਤਾ ਵਿਚਾਰਦੇ ਹਾਂ।

ਹਿੰਦੂ ਮਤ ਅੰਦਰ ਦੇਵਤਿਆਂ ਦੀ ਹੋਂਦ ਨੂੰ ਸਵੀਕਾਰ ਕੀਤਾ ਗਿਆ ਹੈ, ਅਤੇ ਕਈਂ ਥਾਂ ਉਨ੍ਹਾਂ ਦੀ ਸੰਖਿਆ ਕਰੋੜਾਂ ਵਿਚ ਹੈ।ਉਨ੍ਹਾਂ ਵਲੋਂ ਸਵੀਕਾਰ ਕੀਤੇ ਕੁੱਝ ਦੇਵਤਿਆਂ ਦੀ ਹੋਂਦ ਹੈ।ਮਸਲਨ ਸੂਰਜ। ਸੂਰਜ ਦੀ ਹੋਂਦ ਤਾਂ ਹੈ ਹੀ ।ਇਸ ਤੇ ਕੋਈ ਮਤਭੇਦ ਨਹੀਂ ਹੋ ਸਕਦਾ। ਹਾਂ ਸੂਰਜ਼ ਕੀ ਹੈ, ਅਤੇ ਕੀ ਨਹੀਂ ਇਸ ਬਾਰੇ ਮਤਭੇਦ ਹੋ ਸਕਦਾ ਹੈ।


ਹੁਣ ਜੇ ਕਰ ਪ੍ਰਭੂ ਜੀਵਨ ਦੇਣ ਵਾਲਾ ਹੈ, ਤਾਂ ਸੂਰਜ ਜੀਵਨ ਦਾਤ ਦਾ ਇਕ ਮਾਧਿਅਮ  ਹੈ, ਇਸ ਤੋਂ ਵੀ ਕੋਈ ਇਨਕਾਰ ਨਹੀਂ ਹੋ ਸਕਦਾ। ਖ਼ੈਰ ਦੇਵਤਿਆਂ ਦੀ ਹੋਂਦ ਨੂੰ ਪ੍ਰਚਾਰਨ ਵਿਚ ਬ੍ਰਾਹਮਣ ਦਾ ਹੱਥ ਦੱਸਿਆ ਜਾਂਦਾ ਹੈ। ਇਸ ਵਿਚ ਵੀ ਸ਼ੱਕ ਨਹੀਂ ਕਿ ਇਸ ਪ੍ਰਚਾਰ ਨੂੰ ਸ਼ੋਸ਼ਣ ਵਜੋਂ ਇਸਤੇਮਾਲ ਕੀਤਾ ਗਿਆ। ਮਸਲਨ ਕਿਸੇ ਨੂੰ ਸੂਰਜ ਦੇਵਤੇ ਦੇ ਪ੍ਰਕੋਪ ਤੋਂ ਬਚਾਉਣ ਲਈ ਦਾਨ ਦੱਖਣਾ ਦਾ ਟੋਟਕਾ। ਗੁਰਮਤਿ ਇਸ ਤੋਂ ਅਸਹਿਮਤ ਹੈ।


ਖ਼ੈਰ, ਅੱਗੇ ਤੁਰਨ ਤੋਂ ਪਹਿਲਾਂ ਦੇਵਤੇ ਦੇ ਇਕ ਮੁੱਖ ਅਰਥ ਨੂੰ ਵਿਚਾਰ ਲਈਏ ।ਦੇਵਤੇ ਦਾ ਮੁੱਖ ਅਰਥ ਹੈ 'ਰੱਬ ਦਾ ਸੰਦੇਸ਼ਵਾਹਕ' । ਸੰਸਾਰਕ ਪੱਧਰ ਤੇ ਇਸੇ ਅਰਥ ਨੂੰ ਪ੍ਰਮੁੱਖਤਾ ਮਿਲੀ ਹੋਈ ਹੈ।ਹਾਂਲਾਕਿ ਦੇਵਤੇ 'ਪਰਾਭੌਤਿਕ' ਰੂਪ ਵਿਚ ਪ੍ਰਚਾਰੇ ਗਏ ਹਨ, ਪਰ ਉਹ 'ਭੌਤਿਕ' ਰੂਪ ਵਿਚ ਵੀ ਦਰਸਾਏ ਗਏ ਹਨ, ਜਿਵੇਂ ਕਿ ਸੂਰਜ, ਚੰਨ ਜਾਂ ਅਗਨਿ ਦੇਵਤਾ।ਸਾਡੀ ਨਜ਼ਰੇ ਇਹ ਦੇਵਤੇ ਨਾ ਵੀ ਹੋਣ ਪਰ ਇਹ ਖੰਡ ਅਕਾਲ ਪੁਰਖ ਦੀ ਦਾਤ ਤਾਂ ਹੈ ਹੀ ਹਨ।ਇਹ ਪ੍ਰਤੱਖ ਦਿੱਸਦੇ ਹਨ।


ਹੁਣ ਸਵਾਲ ਇਹ ਉੱਠਦਾ ਹੈ ਕਿ, ਕੀ ਦੇਵਤਿਆਂ ਦੀ ਹੋਂਦ ਦਾ ਵਿਚਾਰ ਕੇਵਲ ਬ੍ਰਾਹਮਣ ਦੀ ਦੇਣ ਹੈ ? ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ  ਪ੍ਰਮੁੱਖ ਪੁਰਾਤਨ ਧਾਰਮਕ ਸੰਸਕ੍ਰਿਤੀਆਂ ਵੱਲ ਇਕ ਸੰਖੇਪ ਜਿਹੀ ਝਾਤ ਮਾਰਨੀ ਪਵੇਗੀ।


(੧) ਯਹੂਦੀਆਂ ਵਿਚ 'ਪਰਾਭੌਤਿਕ' ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ।
(੨) ਈਸਾਈਆਂ ਵਿਚ ਪਰਾਭੌਤਿਕ ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ। ਇਸਦੇ ਨਾਲ ਹੀ ਉਸ ਵਿਚ 'ਭੋਤਿਕ' ਦੇਵਤਿਆਂ ਦੀ ਹੋਂਦ ਦੀ ਸਵਕ੍ਰਿਤੀ ਵੀ ਹੈ।ਉਹ ਪਹਿਲਾਂ ਦੇਵਤਿਆਂ, ਅਤੇ ਬਾਦ ਵਿਚ ਮਨੁੱਖ ਦੀ ਉੱਤਪਤੀ ਨੂੰ ਮੰਨਦੇ ਹਨ।ਜਿਵੇਂ ਕਿ:- 


"ਉਸ (ਪ੍ਰਭੂ) ਦੀ ਉਸਤੱਤ ਕਰੋ,ਉਸਦੇ ਸਾਰੇ ਦੇਵਤੇ ਉਸਦੀ ਉਸਤੱਤ ਕਰਦੇ ਹਨ, ਸਾਰੇ ਉਸਦੇ ਬਣਾਏ ਹਨ.... ਸਾਰੇ ਉਸ ਦੇ ਹੁਕਮ ਵਿਚ ਹੀ ਬਣੇ ਹਨ" (ਪਲਾਸਮ ੧੪੮:੨-੫)


ਇਸ ਤੋਂ ਛੁੱਟ ਗ੍ਰੇਗੇਰਿਅਨ ਕਲੈਂਡਰ ਵਿਚ ਵਰਤੇ ਗਏ ਕਈਂ ਦਿਨਾਂ ਦੇ ਨਾਮ ਦੇਵਤਿਆਂ ਦੇ ਇਤਹਾਸ ਅਤੇ ਨਾਮਾਂ ਤੇ ਅਧਾਰਤ ਹਨ।ਸਨਡੇ, ਸੂਰਜ ਦਾ ਦਿਨ ਹੈ ਜਿਵੇਂ ਕਿ ਰਵੀਵਾਰ ਸੂਰਜ ਦਾ ਦਿਨ ਹੈ।ਕੀ ਬਾਕੀ ਦਿਨ ਸੂਰਜ ਨਹੀਂ ਹੁੰਦਾ ?  ਐਸੇ ਤਰਕਨੁਮਾਂ ਸਵਾਲ ਬੰਦੇ ਨੂੰ ਵੱਧੇਰੇ ਭੰਭਲ ਭੁਸੇ ਵਿਚ ਪਾਉਂਦੇ ਹਨ  ਅਤੇ ਕੀ ਉਹ ਦਿਨਾਂ ਦੇ ਨਾਮ ਬਦਲਣ ਤਕ ਉਤਾਰੂ ਹੋ ਜਾਏਗਾ ?


(੩) ਇਸਲਾਮ ਵਿਚ ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ। ਇਸਲਾਮ ਮੁਤਾਬਕ ਦੇਵਤਿਆਂ ਦੀ ਆਪਣੀ ਕੋਈ ਮਰਜ਼ੀ ਨਹੀਂ। ਉਹ ਕੇਵਲ ਅਲਾਹ ਦੇ ਹੁਕਮ ਨੂੰ ਹੀ ਵਜਾਉਂਦੇ ਹਨ।ਜਿਵੇਂ ਕਿ ਮੌਤ ਦਾ ਫਰਿਸ਼ਤਾ 'ਅਜ਼ਰਾਈਲ' ਹੈ। 'ਰੀਦਵਾਨ' ਜੰਨਤ ਦਾ ਦੇਵਤਾ ਹੈ ਅਤੇ 'ਮਾਲਿਕ' ਦੋਜ਼ਖ਼ ਦਾ ਫਰਿਸ਼ਤਾ।


ਇਹ ਵਿਸ਼ਵਾਸ ਉਸ ਵੇਲੇ ਦੇ ਹਨ, ਜਿਸ ਵੇਲੇ ਭਾਰਤੀ ਖੇਤਰ ਵਿਚ ਪਨਪ ਰਹੀ ਸੰਸਕ੍ਰਿਤੀ, ਸਦੂਰ ਪੱਛਮੀ ਖੇਤਰਾਂ ਵਿਚ ਪਨਪ ਰਹੀਆਂ ਸੰਸਕ੍ਰਿਤੀਆਂ ਤੋਂ ਸਰਵਥਾ ਅਣਜਾਨ 
ਸੀ। ਇਸ ਲਈ ਇਹ ਨਹੀਂ ਕਹਿਆ ਜਾ ਸਕਦਾ ਕਿ ਭਾਰਤ ਤੋਂ ਬਾਹਰਲੀਆਂ ਸੰਸਕ੍ਰਿਤਿਆਂ ਦਰਅਸਲ ਹਿੰਦੂ ਸੰਸਕ੍ਰਿਤੀਆਂ ਸਨ, ਜੋ ਕਿ ਕਾਲਾਂਤਰ ਉਸ ਨਾਲੋਂ ਵੱਖ ਹੋ ਗਈਆਂ। ਭਾਰਤ ਵਿਚ ਵੀ ਦੇਵਤਿਆਂ ਦੀ ਹੋਂਦ ਦੇ ਸੂਤਰ ਉਸ ਸਮੇਂ ਦੇ ਹਨ ਜਿਸ ਵੇਲੇ ਹਿੰਦੂ ਧਰਮ ਦਾ ਕੋਈ ਨਿਯੋਜਨ (Planned Existence) ਨਹੀਂ ਸੀ।

ਉਪਰੋਕਤ ਸਥਿਤੀਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਦੇਵਤਿਆਂ ਦੀ ਹੋਂਦ ਬ੍ਰਾਹਮਣ ਦੀ ਦੇਂਣ ਨਹੀਂ ਬਲਕਿ ਇਹ ਵੱਖ-ਵੱਖ ਸੰਸਕ੍ਰਿਤੀਆਂ ਵਿਚ ਉਪਜਿਆ ਲੱਗਭਗ ਇਕੋ ਜਿਹਾ ਪੁਰਾਤਨ ਵਿਚਾਰ ਹੈ ਜਿਸ ਦਾ ਦੁਰਪਿਯੋਗ ਵੀ ਹੋਇਆ। ਠੀਕ ਉਂਝ ਹੀ ਜਿਵੇਂ ਕਿ ਰੱਬ ਦੀ ਹੋਂਦ ਦਾ ਵੀ ਦੁਰਪਿਯੋਗ ਹੁੰਦਾ ਹੈ।

ਗੁਰਬਾਣੀ ਵਿਚ ਦੇਵਤਿਆਂ ਦੀ ਮਾਨਤਾਵਾਂ ਦਾ ਸਦੁਪਿਯੋਗ ਹੋਇਆ ਹੈ। ਜਿਵੇਂ ਕਿ ਅਜ਼ਰਾਈਲ, ਚ੍ਰਿਤਗੁਪਤ ਧਰਮਰਾਜ ਅਤੇ ਯਮਦੂਤ। ਇਸ ਸਦੁਪਿਯੋਗ ਦਾ ਅਰਥ ਦੇਵਤਿਆਂ ਦੀ ਨਿਸ਼ਚਤ ਹੋਂਦ ਨੂੰ ਸਥਾਪਤ ਕਰਨ ਲਈ ਨਹੀਂ, ਬਲਕਿ ਇਲਾਹੀ ਗਿਆਨ ਨੂੰ ਸਮਝਾਉਣ ਲਈ ਹੋਇਆ ਹੈ। ਇਹ ਹੈ ਪਰਾਭੌਤਿਕ ਦੇਵਤਿਆਂ ਪ੍ਰਤੀ ਗੁਰਬਾਣੀ ਵਿਚਲਾ ਨਜ਼ਰੀਆ। ਹੁਣ ਭੌਤਿਕ ਦੇਵਤਿਆਂ ਦੀ ਗਲ ਕਰੀਏ।


ਜਿਵੇਂ ਕਿ ਉੱਪਰ ਵਿਚਾਰ ਆਏ ਹਾਂ, ਹਿੰਦੂ ਮਤ ਅਨੁਸਾਰ ਸੂਰਜ, ਹਵਾ, ਪਾਣੀ, ਅਗਨਿ, ਅੰਨ ਅਤੇ ਚੰਨ ਆਦਿ ਦੇਵਤੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਪਰਮਾਤਮਾ ਵਲੋਂ ਸਥਾਪਤ ਦਾਤਾਵਾਂ ਹਨ ਜੋ ਕਿ ਅਤਿਅੰਤ ਲਾਵੇਵੰਧ ਹਨ। ਇਹ ਪਰਮਾਤਮਾ ਦੇ ਭੈਅ ਵਿਚ ਹਨ ਅਤੇ ਜੀਵਨ  ਵਰਗੀ ਸ੍ਰੇਸ਼ਠ ਦਾਤ ਦੀ 'ਉੱਤਪਤੀ' ਅਤੇ ਉਸਦੀ 'ਪ੍ਰਫੁੱਲਤਾ' ਦਾ ਸਾਧਨ ਹਨ। ਜੇ ਕਰ ਇਹ ਪਰਮਾਤਮਾ ਦੇ ਭੈਅ ਵਿਚ ਹਨ ਤਾਂ ਇਸਦਾ ਅਰਥ ਇਹ ਹੋਇਆ ਕਿ ਪਰਮਾਤਮਾ ਦਾ ਭੈਅ ਇਨ੍ਹਾਂ ਅੰਦਰ ਹੈ ਅਤੇ ਇਹ ਉਸ ਦੇ ਹੁਕਮ ਵਿਚ ਹਨ।ਪਰਮਾਤਮਾ ਦੇ ਐਸੇ ਹੁਕਮ ਦਾ ਸਤਿਕਾਰ ਜਾਂ ਸ਼ੁਕਰਾਨਾ ਕੋਣ ਨਹੀਂ ਕਰੇਗਾ


ਏਕੁ ਅਚਾਰੁ ਰੰਗੁ ਇਕ ਰੂਪ॥ਪਉਣ ਪਾਣੀ ਅਗਨੀ ਅਸਰੂਪ॥(ਗੁਰੂ ਗ੍ਰੰਥ ਸਾਹਿਬ ਜੀ , ਪੰਨਾ ੯੩੦)


ਅਸੀਂ ਇਨ੍ਹਾਂ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ ਕੇਵਲ ਇਨ੍ਹਾਂ ਪ੍ਰਤੀ ਕਿਸੇ ਗ਼ੈਰਵਾਜਬ ਦ੍ਰਿਸ਼ਟੀਕੋਂਣ ਨਾਲੋਂ ਅਸਹਿਮਤ ਹੋ ਸਕਦੇ ਹਾਂ।


ਪਰਮਾਤਮਾ ਆਪ ਧਾਰਮਕ ਸੰਸਕ੍ਰਿਤੀਆਂ ਦਾ ਕੇਂਦਰ ਹੈ।ਅਸੀਂ ਇਸ 'ਕੇਂਦਰ' ਤੋਂ ਸਿਰਫ਼ ਇਸ ਲਈ ਮੁਨਕਰ ਨਹੀਂ ਹੋ ਸਕਦੇ ਚੁੱਕਿ ਬ੍ਰਾਹਮਣ ਵੀ ਇਸ ਨੂੰ ਮੰਨਦੇ ਹਨ। ਵੇਖਣ ਨੂੰ ਆਇਆ ਹੈ ਕਿ ਕੁੱਝ ਸੱਜਣਾਂ ਨੇ ਰੱਬ ਦੀ ਪਰਿਭਾਸ਼ਾ ਨੂੰ ਸਿਰਫ ਇਸ ਵਾਸਤੇ ਬਦਲਣ ਦਾ ਜਤਨ ਆਰੰਭਿਆ ਤਾਂ ਕਿ ਉਨ੍ਹਾਂ ਦਾ ਰੱਬ ਹਿੰਦੂ, ਇਸਲਾਮ ਅਤੇ ਈਸਾਈ ਮਤ ਨਾਲੋਂ ਵੱਖਰਾ ਨਜ਼ਰ ਆਏ। ਇਹ ਸੱਜਣ ਸਮਝਦੇ ਹਨ ਕਿ ਨਿਆਰੇ ਹੋਣ ਲਈ ਨਿਆਰਾ ਪਰਮਾਤਮਾ ਘੱੜਨਾ ਜ਼ਰੂਰੀ ਹੈ। ਇਹ ਸਮਝਦੇ ਹਨ ਕਿ ਨਿਆਰੇ ਹੋਣ ਲਈ ਅਕਾਲ ਪੁਰਖ ਨੂੰ, ਸਮੇਂ ਅਤੇ ਕੁਦਰਤ ਦੇ ਪਸਾਰੇ ਤੋਂ ਪਹਿਲਾਂ ਦੀ ਸਥਿਤੀ ਤੋਂ ਹਟਾ ਕੇ, ਕੇਵਲ ਨਾਸ਼ਵਾਨ ਅਤੇ ਕਾਲ ਮਈ ਕੁੱਦਰਤ ਤਕ ਮਹਦੂਦ ਕਰ ਦਿੱਤਾ ਜਾਏ। ਕੀ ਐਸੇ ਜਤਨ ਅਕਲਮੰਦੀ ਹਨ?


ਮੁਹੰਮਦ ਸਾਹਿਬ ਨੇ ਕਿਹਾ ਕਿ;
ਹੇ ਇਨਸਾਨ ਤੇਂਨੂੰ ਸੋਂਣ ਦਾ ਕੋਈ ਹੱਕ ਨਹੀਂ ਅੱਗਰ ਤੇਰਾ ਪੜੋਸੀ ਭੁੱਖਾ ਹੈ ਅਤੇ ਤੂੰ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ, ਉਸਦਾ ਮੇਹਿਨਤਾਨਾ (ਮਜ਼ਦੁਰੀ) ਉਸ ਦੇ ਹਵਾਲੇ ਕਰ ਦੇ! ਕੀ ਇਹ ਗੱਲਾਂ ਗੁਰਮਤਿ ਦੀ ਕਸਵਟੀ ਤੇ ਪੂਰੀ ਨਹੀਂ ਉਤਰਦੀਆਂ ? ਜੇ ਕਰ ਉਤਰਦੀਆਂ ਹਨ ਤਾਂ ਕਿ ਇਹ ਵਿਚਾਰ ਸਤਿਕਾਰ ਯੋਗ ਨਹੀਂ ? ਕੀ ਐਸੇ ਵਿਚਾਰ ਲਈ 'ਅਖੋਤੀ ਸੱਚ' ਵਰਗਾ ਜੂਮਲਾ ਵਰਤਿਆ ਜਾ ਸਕਦਾ ਹੈ ?


ਹਿੰਦੂ ਸ਼ਾਸਤ੍ਰਾਂ ਵਿਚ ਕਿਸੇ ਥਾਂ ਲਿਖਿਆ ਹੈ 'ਸਤਿਯ ਮੇਵ ਜਯਤੇ' ਭਾਵ ਆਖ਼ਰ ਵਿਚ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ! ਕੀ ਇਹ ਵਿਚਾਰ ਗੁਰਮਤਿ ਦੀ ਕਸਵਟੀ ਤੇ ਖੋਟਾ ਹੈ ? ਕੀ ਇਹ 'ਅਖੋਤੀ ਸੱਚ' ਹੈ? ਜੇ ਕਰ ਨਹੀਂ ਤਾਂ ਇਸ ਵਿਚਾਰ ਨੂੰ ਗੁਰਮਤਿ ਅਨੁਸਾਰ ਖਰਾ ਕਹਿਣ ਤੋਂ ਸੰਕੋਚ ਕੈਸਾ ?


ਵਾਸਤਵ ਵਿਚ ਜੇ ਕਰ ਅਸੀਂ ਕਿਸੇ ਪੁਸਤਕ ਵਿਚ ਲਿਖੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹਾਂ, ਤਾਂ ਉਸ ਪੁਸਤਕ ਵਿਚ ਲਿਖੇ ਕਿਸੇ ਸੱਚ ਨੂੰ ਸਹੀ ਸਵੀਕਾਰ ਕਰਨ ਦੀ ਹਿੰਮਤ ਵੀ ਸਾਡੇ ਅੰਦਰ ਹੋਣੀ ਚਾਹੀਦੀ ਹੈ। ਨਹੀਂ ਤਾਂ ਅਸੀਂ ਸੰਕੀਰਣ ਅਤੇ ਬੁਜ਼ਦਿਲ ਸੋਚ ਵਾਲੇ ਐਸੇ ਮਨੁੱਖ ਸਮਝੇ ਜਾਵਾਂ ਗੇ, ਜੋ ਕਿ ਗੁਰਮਤਿ ਦੀ ਕਸਵਟੀ ਲੇ ਕੇ ਵਿਚਰਦੇ ਤਾਂ ਹਨ, ਪਰ ਉਸ ਕਸਵਟੀ ਤੇ ਸਹੀ ਸਾਬਤ ਹੁੰਦੇ ਵਿਚਾਰਾਂ ਨੂੰ ਖਰਾ ਕਰਕੇ ਸਵੀਕਾਰ ਕਰਨ ਤੋਂ ਡਰਦੇ ਹਨ।


ਹਰਦੇਵ ਸਿੰਘ,ਜੰਮੂ-੧੬.੬.੧੪

No comments:

Post a Comment