ਸਮਰਥ ਗੁਰੂ ਕੋਣ ਹੈ?
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਾ੍ਹਰਾ॥ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੁਝਨਹਾਰਾ॥ (੧੩੫੦)
ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਪੰਗਤੀ ਦੇ ਅਰਥ ਇਸ ਪ੍ਰਕਾਰ ਕੀਤੇ ਹਨ:-
ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ । (ਜਿਸ ਨੇ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ । ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ ।੨।
ਸਿਰਲੇਖ ਵਿਚਲੇ ਪ੍ਰਸ਼ਨ ਨੂੰ ਵਿਚਾਰਣ ਲਈ ਉਪਰੋਕਤ ਪੰਗਤਿਆਂ ਵਿਚਲੇ ਸੂਤਰ ਮਹੱਤਵ ਪੁਰਣ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਫ਼ੁਰਮਾਨ ਨੂੰ ਵਿਚਾਰਦੇ ਹਾਂ ਤਾਂ ਉਸ ਵਿਚਲੇ ਤਿੰਨ ਨੁੱਕਤੇ ਦ੍ਰਿਸ਼ਟਮਾਨ ਹੁੰਦੇ ਹਨ:-
(੧) ਤੱਤ ਭਾਵ; ਗਿਆਨ ਤੇਲ ਹੈ
(੨) ਨਾਮ ਬੱਤੀ ਹੈ।
(੩) ਸਰੀਰ ਦੀਵਾ ਹੈ।
ਦੀਵਾ ਤਿੰਨ ਵਸਤਾਂ ਦਾ ਬਣਦਾ ਹੈ ਭਾਵ; ‘ਤੇਲ’, ‘ਬੱਤੀ’ ਅਤੇ ‘ਦੀਵਾ’। ਦੀਵੇ ਦੀਆਂ ਦੋ ਅਵਸਥਾਵਾਂ ਹੁੰਦੀਆਂ ਹਨ ਭਾਵ; ਜਲਦਾ ਦੀਵਾ ਅਤੇ ਨਾ ਜਲਦਾ ਹੋਇਆ ਦੀਵਾ।
ਨਾ
ਜਲਦਾ ਖਾਲੀ ਦੀਵਾ ਭਾਵ; ਬਿਨ੍ਹਾਂ ਤੇਲ ਅਤੇ ਬੱਤੀ ਦੇ, ਜਿਵੇਂ ਕਿ ਦੀਵੇ ਦੀ ਬਾਡੀ! ਜਾਂ ਨਾ ਜਲਦਾ ਦੀਵਾ ਉਹ ਵੀ ਹੁੰਦਾ ਹੈ ਜਿਸ ਦੀ ਬਾਡੀ ਵਿਚ ਤੇਲ ਵੀ ਹੋਵੇ ਅਤੇ ਬੱਤੀ ਵੀ ਪਰ ਉਹ ਜਲ ਨਾ ਰਿਹਾ ਹੋਵੇ।
ਉਪਰੋਕਤ ਹਵਾਲੇ ਵਿਚ ਉਸ ਦੀਵੇ ਦਾ ਜ਼ਿਕਰ ਹੈ ਜਿਸ ਵਿਚ ਗਿਆਨ ਰੂਪੀ ਤੇਲ ਵੀ ਹੈ, ਉਸ ਵਿਚ ਗੁਰੂ ਵਲੋਂ ਦਿੱਤੇ ਨਾਮ ਦੀ ਬੱਤੀ ਵੀ ਹੈ ਅਤੇ ਜੋ ਪਰਮਾਤਮਾ ਦੀ ਰੋਸ਼ਨੀ ਨਾਲ ਜਾਗ੍ਰਤ ਹੋ ਸਕਦਾ ਹੈ।ਤੇਲ ਨਾਲ ਭਰੇ ਦੀਵੇ ਵਿਚ ਪਾਈ ਗਈ ਬੱਤੀ ਨੂੰ ਜਾਗਾਉਣ ਲਈ ਅੱਗ ਦੇ ਲਸ਼ਕਾਰੇ ਦੀ ਲੋੜ ਹੁੰਦੀ ਹੈ।ਇਸ ਅਨੁਸਾਰ ਉਪਰੋਕਤ ਪੰਗਤੀ ਦਾ ਅਰਥ ਭਾਵ ਇਹ ਬਣਦਾ ਹੈ ਕਿ ਬੂਝਣ ਵਾਲੇ ਮਨੁੱਖ ਨੇ ਪਰਮਾਤਮਾ ਦੀ ਆਰਤੀ (ਸਿਮਰਣ) ਲਈ 'ਗਿਆਨ' ਨੂੰ ਤੇਲ ਅਤੇ 'ਨਾਮ' ਨੂੰ ਬੱਤੀ ਬਣਾ ਆਪਣੇ ਸਰੀਰ (ਖਾਲੀ ਦੀਵੇ) ਵਿਚ ਪਾਇਆ ਹੈ ਅਤੇ ਫਿਰ ਅਜਿਹਾ ਦੀਵਾ ਜਗਦੀਸ਼ (ਪਰਮਾਤਮਾ) ਦੀ ਰੋਸ਼ਨੀ ਦੇ ਲਸ਼ਕਾਰੇ ਨਾਲ ਜਾਗ੍ਰਤ ਹੁੰਦਾ ਹੈ।
ਖਾਲੀ ਦੀਵੇ ( ਮਨੁੱਖੀ ਕਾਇਆ) ਨੂੰ 'ਗਿਆਨ' ਅਤੇ 'ਨਾਮ' ਗੁਰੂ ਵਲੋਂ ਪ੍ਰਾਪਤ ਹੁੰਦਾ ਹੈ ਅਤੇ ਅਜਿਹਾ ਦੀਵਾ ਪਰਮਾਤਮਾ ਦੀ ਜੋਤ (ਲਸ਼ਕਾਰੇ ਰੂਪ ਬਖ਼ਸ਼ੀਸ਼) ਨਾਲ ਜਲਦਾ ਹੈ।
ਇਸ
ਥਾਂ ਪ੍ਰਸ਼ਨ ਉੱਠਦਾ ਹੈ ਕਿ 'ਗਿਆਨ' ਕੀ ਹੈ ਅਤੇ 'ਨਾਮ' ਕੀ ਹੈ ਅਤੇ ਕੀ ਇਨ੍ਹਾਂ ਵਿਚੋਂ ਕੋਈ ਸਮਰਥ ਗੁਰੂ ਹੈ ? ਜੇ ਕਰ ਗਿਆਨ ਗੁਰੂ ਹੈ ਤਾਂ ਨਾਮ ਕੀ ਹੈ ? ਜੇ ਕਰ ਨਾਮ ਗੁਰੂ ਹੈ ਤਾਂ ਗਿਆਨ ਕੀ ਹੈ ? ਤੇਲ ਅਤੇ ਬੱਤੀ ਦੇ ਦ੍ਰਿਸ਼ਟਾਂਤ ਵਿਚ ਗਿਆਨ ਤੇਲ ਹੈ ਅਤੇ ਨਾਮ ਬੱਤੀ ਹੈ।ਇਸ ਦਾ ਅਰਥ ਇਹ ਹੋਇਆ ਕਿ ਇਹ ਦੋਵੇਂ ਵਸਤਾਂ ਸਬੰਧਤ ਤਾਂ ਹਨ ਪਰ ਵੱਖਰੀਆਂ ਹਨ। ਇਹ ਇਕ ਨਹੀਂ ਦੋ ਹਨ। ਇਕ ‘ਤੇਲ’ ਹੈ ਇਕ ‘ਬੱਤੀ’!
ਜੇ ਕਰ 'ਗਿਆਨ' ਗੁਰੂ ਹੈ ਤਾਂ ਉਹ ਬੱਤੀ (ਨਾਮ) ਬਿਨ੍ਹਾਂ ਸਮਰਥ ਕਿਉਂ ਨਹੀ ? ਅਤੇ ਜੇ ਕਰ 'ਨਾਮ' ਗੁਰੂ ਹੈ ਤਾਂ ਉਹ ਤੇਲ (ਗਿਆਨ) ਬਿਨ੍ਹਾਂ ਸਮਰਥ ਕਿਉਂ ਨਹੀਂ ? ਵਾਸਤਵ ਵਿਚ ਇਹ ਦੋਵੇਂ (ਗਿਆਨ ਅਤੇ ਨਾਮ) ਗੁਰੂ ਨਹੀਂ ਹਨ ਕਿਉਂਕਿ ਇਹ ਦੋਵੇਂ, ਇੱਕਲੇ ਤੋਰ, ਤੇ ਸਮਰਥ ਨਹੀਂ ਹਨ ਬਲਕਿ ਇਹ ਦੋਵੇਂ ਸਮਰਥ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਨ।ਇਸ ਲਈ ਸਿੱਖਾਂ ਦੇ ਸਮਰਥ ਗੁਰੂ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਦੀ ਕ੍ਰਿਪਾ ਨਾਲ ਪਰਮਾਤਮਾ ਦਾ ਉਹ ਲਸ਼ਕਾਰਾ (ਪ੍ਰਸਾਦਿ) ਪ੍ਰਾਪਤ ਹੁੰਦਾ ਹੈ ਜਿਸ ਨਾਲ ਜੀਵਨ ਘਟ ਅੰਦਰ ਜੋਤ ਜਾਗ੍ਰਤ ਹੁੰਦੀ ਹੈ।
ਹਰਦੇਵ ਸਿੰਘ, ਜੰਮੂ-੦੭.੦੩.੨੦੧੬
No comments:
Post a Comment